ਮੁਕੇਰੀਆ, 27 ਜੁਲਾਈ – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਕੇਂਦਰ ਸਰਕਾਰ ਪ੍ਰਤੀ ਗੁੱਸਾ ਵੱਧਦਾ ਹੀ ਜਾ ਰਿਹਾ ਹੈ ਜਿਸ ਦੇ ਚੱਲਦਿਆ ਕਿਸਾਨਾ ਵੱਲੋਂ ਭਾਜਪਾ ਨੇਤਾਵਾ ਦਾ ਕੀਤਾ ਜਾ ਰਿਹਾ ਵਿਰੋਧ ਆਏ ਦਿਨ ਅਖਬਾਰਾਂ ਤੇ ਟੀ.ਵੀ ਚੈਨਲਾ ਦੀਆ ਸੁਰਖੀਆ ਬਣ ਰਿਹਾ ਹੈ। ਇਸ ਦੇ ਚੱਲਦਿਆ ਹੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਮੁਕੇਰੀਆ ਫੇਰੀ ਨੂੰ ਦੇਖਦੇ ਹੋਏ ਕਿਸਾਨਾ ਵੱਲੋਂ ਮੁਕੇਰੀਆ ਦੇ ਰੈਸਟ ਹਾਊਸ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੋਰਾਨ ਜਿੱਥੇ ਕਿਸਾਨਾ ਨੇ ਭਾਜਪਾ ਨੇਤਾਵਾ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਉਥੇ ਹੀ ਕਿਸਾਨਾ ਦੀ ਪੁਲਿਸ ਨਾਲ ਹੱਥੋਪਾਈ ਵੀ ਹੋਈ।ਕਿਸਾਨ ਆਗਆਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਪਿਛਲੇ ਕਈ ਮਹੀਨਿਆ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਕੇਂਦਰ ਸਰਕਾਰ ਖਿਲਾਫ ਅੰਦੋਲਨ ਕਰ ਰਹੇ ਹਨ ਉਥੇ ਹੀ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀ ਕੀਤਾ ਗਿਆ ਜਿਸ ਕਾਰਨ ਹੀ ਕਿਸਾਨਾਂ ਵੱਲੋਂ ਭਾਜਪਾ ਨੇਤਾਵਾ ਵੱਲੋਂ ਕੀਤੇ ਜਾ ਸਮਾਗਮਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹ ਵਿਰੋਧ ਉਦੋ ਤੱਕ ਜਾਰੀ ਰਹੇਗਾ ਜਦੋ ਤੱਕ ਕੇਂਦਰ ਸਰਕਾਰ ਇਨਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀ ਕਰਦੀ। ਉਨਾਂ ਨਾਲ ਹੀ ਕਿਹਾ ਕਿ ਉਹ ਉਦੋ ਤੱਕ ਭਾਜਪਾ ਦੀ ਕੋਈ ਵੀ ਮੀਟਿੰਗ ਜਾ ਰੈਲੀ ਆਪਣੇ ਆਪਣੇ ਹਲਕੇ ਵਿੱਚ ਨਹੀ ਹੋਣ ਦੇਣਗੇ।