ਜਲੰਧਰ, 3 ਅਗਸਤ – ਮੰਗਲਵਾਰ ਦੀ ਸਵੇਰ ਜਲੰਧਰ ਨੇ ਨਾਲ ਲੱਗਦੇ ਪਿੰਡ ਰਾਏਪੁਰ ਅਤੇ ਆਸ ਪਾਸ ਦੇ ਇਲਾਕੇ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਪਿੰਡ ਨੇੜਿਓ ਸੂਏ ‘ਚੋਂ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਈ। ਇਸ ਪਤਾ ਉਸ ਸਮੇਂ ਲੱਗਾ ਜਦੋਂ ਕਿਸੇ ਰਾਹਗੀਰ ਨੇ ਸੂਏ ਵਿਚ ਲਾਸ਼ ਤੈਰਦੀ ਹੋਈ ਦੇਖੀ, ਜਿਸ ਤੋਂ ਬਾਅਦ ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਓਧਰ ਸੂਚਨਾ ਮਿਲਦਿਆ ਹੀ ਥਾਣਾ ਮਕਸੂਦਾਂ ਦੇ ਇੰਚਾਰਜ ਮਨਜੀਤ ਸਿੰਘ ਅਤੇ ਡੀ.ਐੱਸ.ਪੀ ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਸੂਏ ‘ਚ ਤੈਰ ਰਹੀ ਲਾਸ਼ ਨੂੰ ਬਾਹਰ ਕੱਢਿਆ।ਡੀ.ਐੱਸ.ਪੀ ਸੁਖਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਮ੍ਰਿਤਕ ਮਹਿਲਾ ਦੀ ਪਹਿਚਾਣ ਨਹੀਂ ਹੋ ਸਕੀ ਹੈ। ਲਾਸ਼ ਕੁੱਝ ਦਿਨ ਪੁਰਾਣੀ ਲੱਗ ਰਹੀ ਹੈ ਤੇ ਮ੍ਰਿਤਕ ਮਹਿਲਾ ਦੇ ਸਿਰ ਉੱਪਰ ਸੱਟ ਦੇ ਨਿਸ਼ਾਨ ਵੀ ਹਨ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪਹਿਚਾਣ ਵਾਸਤੇ 72 ਘੰਟਿਆਂ ਲਈ ਸਿਵਲ ਹਸਪਤਾਲ ਜਲੰਧਰ ਰਖਵਾ ਦਿੱਤਾ ਹੈ ਤੇ ਪੁਲਿਸ ਵੱਲੋਂ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।