ਫਗਵਾੜਾ, 6 ਅਗਸਤ (ਐੱਚ.ਐੱਸ ਰਾਣਾ) ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਰੈਲੀ ਕਰਕੇ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਫ੍ਰੀ ਬਿਜਲੀ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਤੋਸ਼ ਕੁਮਾਰ ਗੋਗੀ ਵੱਲੋਂ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਦੀ ਅਗਵਾਈ ਵਿੱਚ ਵਾਰਡ ਨੰਬਰ 45 ਹਦੀਆਬਾਦ ਵਿਖੇ ਲੋਕਾਂ ਨੂੰ ਗਰੰਟੀ ਕਾਰਡ ਵੰਡੇ ਗਏ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਰਕਾਰ ਆਉਣ ਤੋਂ ਬਾਅਦ ਹਰ ਇੱਕ ਨੂੰ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਵੇਗੀ ਜਦ ਕਿ ਬਕਾਇਆ ਬਿੱਲ ਵੀ ਮੁਆਫ ਕੀਤੇ ਜਾਣਗੇ। ਸੰਤੋਸ਼ ਕੁਮਾਰ ਗੋਗੀ ਮੁਤਾਬਿਕ ਕੈਪਟਨ ਸਰਕਾਰ ਵਾਂਗੂ ਆਮ ਆਦਮੀ ਪਾਰਟੀ ਝੂਠੇ ਵਾਅਦੇ ਨਹੀ ਕਰਦੀ ਸਗੋਂ ਦਿੱਲੀ ਸਰਕਾਰ ਵਾਂਗ ਪੱਕੀ ਗਰੰਟੀ ਦਿੱਤੀ ਗਈ ਹੈ ਜੋ ਕਿ 2022 ਦੀਆਂ ਚੋਣਾਂ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਲਾਗੂ ਕੀਤੀ ਜਾਵੇਗੀ।