ਹੁਸ਼ਿਆਰਪੁਰ, 6 ਅਗਸਤ – ਖੇਤੀ ਕਾਨੂੰਨਾਂ ਨੂੰ ਲੈ ਕੇ ਐਨ.ਆਰ.ਆਈ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ ਜਿਨ੍ਹਾਂ ਵੱਲੋਂ ਹਰ ਤਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਅਮਰੀਕਾ ਦੇ ਕੈਲੇਫੋਰਨੀਆ ‘ਚ ਵੱਸਦੇ ਪੰਜਾਬੀਆਂ ਅਤੇ ਉੱਥੋਂ ਦੇ ਗੋਰਿਆ ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਲਈ ਭੇਜੀ ਗਈ ਮਾਇਕ ਸਹਾਇਤਾ ਦੇ 50-50 ਹਜ਼ਾਰ ਰੁਪਏ ਦੇ ਚੈੱਕ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਭੇਂਟ ਕੀਤੇ ਗਏ।ਇਹ ਚੈੱਕ ਯੂ.ਐੱਸ.ਏ ਤੋਂ ਆਈ ਹਰਪ੍ਰੀਤ ਕੌਰ ਨਾਂਅ ਦੀ ਲੜਕੀ ਵੱਲੋਂ ਹੁਸ਼ਿਆਰਪੁਰ ਵਿਖੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਭੇਂਟ ਕੀਤੇ ਗਏ। ਇਸ ਮੌਕੇ ਹਰਪ੍ਰੀਤ ਕੌਰ ਨੇ ਕਿਹਾ ਕਿ ਵਿਦੇਸ਼ਾਂ ‘ਚ ਵੱਸਦੇ ਲੋਕ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਪੂਰੀ ਤਰਾਂ ਕਿਸਾਨਾਂ ਦੇ ਹੱਕ ਵਿਚ ਹਨ ਹਾਲਾਂਕਿ ਕੁੱਝ ਲੋਕ ਉੱਥੇ ਵੀ ਕਿਸਾਨ ਅੰਦੋਲਨ ਪ੍ਰਤੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਪਰ ਲੋਕ ਸੱਚ ਜਾਣਦੇ ਹਨ ਜੋ ਕਿ ਕਿਸਾਨਾਂ ਦੇ ਹੱਕ ਵਿਚ ਹਨ।ਹਰਪ੍ਰੀਤ ਕੌਰ ਅਨੁਸਾਰ ਹੁਣ ਉਹ ਦਿੱਲੀ ‘ਚ 2 ਦਿਨਾਂ ਲਈ ਕਿਸਾਨ ਅੰਦੋਲਨ ਵਾਲੀ ਥਾਂ ‘ਤੇ ਜਾਣਗੇ ਅਤੇ ਕਿਸਾਨਾਂ ਦਾ ਸਾਥ ਦੇਣਗੇ।ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਆਗੂ ਹਰਬੰਸ ਸੰਘਾ ਨੇ ਹਰਪ੍ਰੀਤ ਕੌਰ ਦਾ ਧੰਨਵਾਦ ਕਰਦਿਆ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਲਗਾਤਾਰ ਵਿਦੇਸ਼ਾਂ ਤੋਂ ਵੀ ਮਦਦ ਮਿਲ ਰਹੀ ਹੈ। ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 600 ਤੋਂ ਵੱਧ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ ਤੇ ਹਰ ਵਿਅਕਤੀ ਵਲੋਂ ਕਿਸਾਨੀ ਘੋਲ ਦੀ ਹਿਮਾਇਤ ਕੀਤੀ ਜਾ ਰਹੀ ਹੈ।