ਲੁਧਿਆਣਾ, 12 ਅਗਸਤ – ਆਰ ਕੇ ਰੋਡ ਲੁਧਿਆਣਾ ‘ਤੇ ਸਥਿਤ ਆਰ ਪੀ ਵੂਲਨ ਮਿੱਲ ਦੀ ਤਿੰਨ ਮੰਜ਼ਿਲਾ ਇਮਾਰਤ ਦਾ ਇੱਕ ਹਿੱਸਾ ਢਹਿ ਢੇਰੀ ਹੋਣ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ । ਇਸ ਤੋਂ ਬਾਅਦ ਤੁਰੰਤ ਮੌਕੇ ‘ਤੇ ਪਹੁੰਚੀਆਂ ਰਾਹਤ ਕਾਰਜ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਤਾਂ ਤੁਰੰਤ ਬਾਹਰ ਕੱਢ ਲਿਆ ਗਿਆ ਪਰ ਇਸ ਦੌਰਾਨ 9 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਇਮਾਰਤ ਦਾ ਇਕ ਹਿੱਸਾ ਟੁੱਟ ਕੇ ਹੇਠਾਂ ਡਿੱਗ ਗਿਆ ਅਤੇ ਇਸ ਦੌਰਾਨ ਕਈ ਲੋਕ ਇਸ ਦੀ ਚਪੇਟ ਵਿੱਚ ਆ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਜ਼ਰੂਰ ਬਚਾ ਰਿਹਾ ।ਉੱਧਰ ਇਮਾਰਤ ਵਿੱਚ ਰਹਿ ਰਹੇ ਇਕ ਪਰਿਵਾਰ ਨੇ ਦੱਸਿਆ ਕਿ ਉਹ ਨੇਪਾਲ ਤੋਂ ਆਏ ਸਨ ਅਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਇਮਾਰਤ ਸੀਲ ਕੀਤੀ ਗਈ ਹੈ ।
ਦੱਸਣਯੋਗ ਹੈ ਕਿ ਇਸ ਇਮਾਰਤ ਵਿੱਚ ਬੀਤੇ ਸਾਲ ਅੱਗ ਲੱਗੀ ਸੀ ਜਿਸ ਤੋਂ ਬਾਅਦ ਇਸ ਇਮਾਰਤ ਨੂੰ ਅਣਸੁਰੱਖਿਅਤ ਐਲਾਨਿਆ ਗਿਆ ਸੀ ਅਤੇ ਕਾਰਪੋਰੇਸ਼ਨ ਵੱਲੋਂ ਇਮਾਰਤ ਸੀਲ ਕੀਤੀ ਗਈ ਸੀ ਪਰ ਇਸਦੇ ਬਾਵਜੂਦ ਇਮਾਰਤ ਦੇ ਅੰਦਰ ਲੋਕ ਕਿਵੇਂ ਆਏ ਅਤੇ ਕਿੱਥੋਂ ਆਏ ਇਹ ਇੱਕ ਵੱਡਾ ਸਵਾਲ ਹੈ ਜਿਸ ਨੂੰ ਲੈ ਕੇ ਕਾਰਪੋਰੇਸ਼ਨ ਚੁੱਪ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਕਿਹਾ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਸਭ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ । ਇਮਾਰਤ ਕਾਰਪੋਰੇਸ਼ਨ ਵੱਲੋਂ ਸੀਲ ਕੀਤੀ ਗਈ ਸੀ ਜੇਕਰ ਕਿਸੇ ਦੀ ਗਲਤੀ ਹੋਵੇਗੀ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।ਉੱਧਰ ਦੂਜੇ ਪਾਸੇ ਫੈਕਟਰੀ ਦੇ ਮਾਲਕ ਨੇ ਕਿਹਾ ਕਿ ਇਸ ਫੈਕਟਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਤੀਵਿਧੀ ਨਹੀਂ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਇਕ ਕੇਅਰ ਟੇਕਰ ਜ਼ਰੂਰ ਰੱਖਿਆ ਗਿਆ ਸੀ ਜੋ ਇਮਾਰਤ ਦੀ ਸਾਂਭ ਸੰਭਾਲ ਕਰਦਾ ਸੀ। ਇਸ ਤੋਂ ਇਲਾਵਾ ਇਮਾਰਤ ਵਿਚ ਕੋਈ ਨਹੀਂ ਸੀ ਜਦ ਕਿ ਨੇਡ਼ੇ ਤੇਡ਼ੇ ਦੇ ਲੋਕਾਂ ਨੇ ਕਿਹਾ ਕਿ ਲੋਕ ਅੰਦਰ ਕੰਮ ਕਰ ਰਹੇ ਸਨ।ਫੈਕਟਰੀ ਮਾਲਕ ਨੇ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਿਆ।