ਪਾਂਸ਼ਟਾ, 13 ਅਗਸਤ (ਰਜਿੰਦਰ) ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਾਂਸ਼ਟਾ ਵਿਖੇ ਕਿਸਾਨ ਆਗੂ ਹਰਭਜਨ ਸਿੰਘ ਬਾਜਵਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਵੱਡੀ ਗਿਣਤੀ ‘ਚ ਵੱਖ ਵੱਖ ਪਿੰਡਾਂ ਦੇ ਕਿਸਾਨ ਸ਼ਾਮਿਲ ਹੋਏ। ਮੀਟਿੰਗ ਦੌਰਾਨ 15 ਅਗਸਤ ਨੂੰ ਕੱਢੇ ਜਾ ਰਹੇ ਤਿਰੰਗਾ ਮਾਰਚ ਬਾਰੇ ਵਿਚਾਰਾਂ ਹੋਈਆਂ ਜਦਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਵੀ ਤਿਆਰ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆ ਹਰਭਜਨ ਸਿੰਘ ਬਾਜਵਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ 10 ਮਹੀਨਿਆ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਜਦਕਿ ਕੇਂਦਰ ਸਰਕਾਰ ਨਾਲ 11 ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਕੋਈ ਨਤੀਜਾ ਨਹੀਂ ਨਿਕਲਿਆ ਹੈ ਤੇ ਸਰਕਾਰ ਅੜੀਅਲ ਰਵੱਈਆ ਕਰੀ ਬੈਠੀ ਹੈ।ਹੁਣ ਸਰਕਾਰ ਵੱਲੋਂ ਕਿਸਾਨਾਂ ਨੂੰ ਚਿੱਠੀਆਂ ਭੇਜੀਆ ਜਾ ਰਹੀਆਂ ਹਨ ਤੇ ਮੀਟਿੰਗ ਕਰਨ ਲਈ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ। ਪਰ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੀ ਕੋਈ ਸ਼ਰਤ ਨਹੀਂ ਮੰਨੀ ਜਾਵੇਗੀ। ਸਰਕਾਰ ਨਾਲ ਹੁਣ ਜੋ ਵੀ ਮੀਟਿੰਗ ਹੋਵੇਗੀ ਲਾਈਵ ਹੋਵੇਗੀ।ਸਰਕਾਰ ਕੀ ਸਵਾਲ ਕਰਦੀ ਹੈ ਤੇ ਕਿਸਾਨ ਕੀ ਜਵਾਬ ਦਿੰਦੇ ਹਨ ਉਹ ਲਾਈਵ ਦਿਖਾਇਆ ਜਾਵੇਗਾ।ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਸਰਕਾਰ ਨੇ ਕਿਸਾਨ ਜਥੇਬੰਦੀਆਂ ‘ਤੇ ਤਿਰੰਗੇ ਝੰਡੇ ਦੇ ਅਪਮਾਨ ਦਾ ਇਲਜ਼ਾਮ ਲਗਾਇਆ ਜਦਕਿ ਸਿੱਖ ਕੌਮ ਅਜਿਹੀ ਕੌਮ ਹੈ ਜੋ ਨਾ ਤਾਂ ਕਿਸੇ ਦਾ ਅਪਮਾਨ ਕਰਦੀ ਹੈ ਤੇ ਨਾ ਹੀ ਕਿਸੇ ਦਾ ਅਪਮਾਨ ਹੋਣ ਦਿੰਦੀ ਹੈ। ਮੋਦੀ ਮੀਡੀਆ ਨੇ ਵੀ ਕੁੱਝ ਹੋਰ ਹੀ ਦਿਖਾਇਆ ਜਦਕਿ ਤਿਰੰਗਾ ਆਪਣੀ ਜਗ੍ਹਾ ‘ਤੇ ਬਿਲਕੁਲ ਠੀਕ ਸੀ।ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ 15 ਅਗਸਤ ਨੂੰ ਤਿਰੰਗਾ ਮਾਰਚ ਕੱਢਿਆ ਜਾਵੇਗਾ ਜੋ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਾਂਸ਼ਟਾ ਤੋਂ ਸ਼ੁਰੂ ਹੋ ਕੇ ਵੱਖ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਫਗਵਾੜਾ ਬਾਈਪਾਸ ਤੋਂ ਹੋ ਕੇ ਵਾਪਿਸ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਮਾਪਤ ਹੋਵੇਗਾ।ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਤਿਰੰਗਾ ਮਾਰਚ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।