ਗੁਰਾਇਆਂ, 14 ਅਗਸਤ – ਗੁਰਾਇਆ ਵਿਚ ਇਕ ਤੇਜ਼ ਰਫ਼ਤਾਰ ਬੱਸ ਅਤੇ ਪੈਪਸੀ ਕੰਪਨੀ ਦੀ ਖੜ੍ਹੀ ਗੱਡੀ ਵਿਚ ਹੋਈ ਜ਼ੋਰਦਾਰ ਟੱਕਰ ਵਿੱਚ ਬਸ ਅਤੇ ਪੈਪਸੀ ਕੰਪਨੀ ਦੀ ਲੋਡ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਮੌਕੇ ‘ਤੇ ਕੰਮ ਕਰ ਰਹੇ ਸਫਾਈ ਸੇਵਕਾਂ ਅਤੇ ਪੈਟਰੋਲ ਪੰਪ ਵਾਲਿਆਂ ਨੇ ਦੱਸਿਆ ਕਿ ਨਿੱਜੀ ਕੰਪਨੀ ਦੀ ਬੱਸ ਦੀ ਰਫ਼ਤਾਰ ਕਾਫ਼ੀ ਤੇਜ਼ ਸੀ ਜਿਸ ਦਾ ਡਰਾਈਵਰ ਫੋਨ ‘ਤੇ ਗੱਲ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।ਜਿਸ ਵਕਤ ਬੱਸ ਡਰਾਈਵਰ ਨੇ ਗੱਡੀ ਨੂੰ ਪਿਛਿਓ ਟੱਕਰ ਮਾਰੀ ਤਾਂ ਗੱਡੀ ਦਾ ਡਰਾਈਵਰ ਗੱਡੀ ਚੋਂ ਉਤਰ ਕੇ ਪੈਟਰੋਲ ਪੰਪ ‘ਤੇ ਖੜ੍ਹਾ ਸੀ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ ਲੇਕਿਨ ਟੱਕਰ ਇੰਨੀ ਜ਼ੋਰਦਾਰ ਸੀ ਕਿ ਪੈਪਸੀ ਦੀ ਲੋਡ਼ ਗੱਡੀ ਪੈਟਰੋਲ ਪੰਪ ਅੰਦਰ ਜਾ ਵੜੀ ਅਤੇ ਹਵਾ ਭਰਨ ਵਾਲੇ ਕੰਪਰੈਸ਼ਰ ਅਤੇ ਉਸਦੀ ਮਸ਼ੀਨ ਉੱਪਰ ਜਾ ਚੜ੍ਹੀ ਜਿਸ ਨਾਲ ਕੰਪਰੈਸਰ ਮਸ਼ੀਨ ਨੁਕਸਾਨੇ ਗਏ ।ਉਨ੍ਹਾਂ ਦੱਸਿਆ ਕਿ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਬੱਸ ਛੱਡ ਕੇ ਫ਼ਰਾਰ ਹੋ ਗਏ ਬੱਸ ਵਿੱਚ ਤਕਰੀਬਨ 20 ਤੋਂ 25 ਸਵਾਰੀਆਂ ਸਵਾਰ ਸਨ ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਤੋਂ ਬਾਅਦ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਸਵੇਰ ਤੋਂ ਹੀ ਪੈਪਸੀ ਕੰਪਨੀ ਦੀਆਂ ਖਿੱਲਰੀਆਂ ਹੋਈਆਂ ਪਾਣੀ ਅਤੇ ਸੋਡੇ ਦੀਆਂ ਬੋਤਲਾਂ ਨੂੰ ਸਫ਼ਾਈ ਸੇਵਕ ਹਾਈਵੇ ਤੋਂ ਸਾਫ਼ ਕਰ ਰਹੇ ਸਨ ਤਾਂ ਪੈਪਸੀ ਕੰਪਨੀ ਤੋਂ ਆਏ ਦੂਜੇ ਟਰੱਕ ਡਰਾਈਵਰ ਨੇ ਲੋਹੇ ਦੀ ਪੱਤੀ ਕੱਢ ਕੇ ਸਫ਼ਾਈ ਸੇਵਕ ‘ਤੇ ਹਮਲਾ ਕੀਤਾ ਜਿਸ ਤੋਂ ਬਾਅਦ ਨਗਰ ਕੌਂਸਲ ਗੁਰਾਇਆ ਦੇ ਸਫ਼ਾਈ ਸੇਵਕ ਭੜਕ ਉਠੇ ਜਿਨ੍ਹਾਂ ਨੇ ਪੈਪਸੀ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਹਮਲਾ ਕਰਨ ਵਾਲੇ ਡਰਾਈਵਰ ਨੂੰ ਮੌਕੇ ਤੋਂ ਫਡ਼ ਕੇ ਪੁਲਸ ਅਫਸਰਾਂ ਨਾਲ ਥਾਣੇ ਲੈ ਗਈ।