ਫਗਵਾੜਾ, 18 ਅਗਸਤ – ਅੰਗਹੀਣ ਅਤੇ ਬਲਾਇੰਡ ਯੂਨੀਅਨ ਪੰਜਾਬ ਇਕਾਈ ਕਪੂਰਥਲਾ ਦੀ ਹੰਗਾਮੀ ਮੀਟਿੰਗ ਇਸਤਰੀ ਵਿੰਗ ਪ੍ਰਧਾਨ ਦਵਿੰਦਰ ਕੌਰ ਅਤੇ ਮੁੱਖ ਸਲਾਹਕਾਰ ਮੋਹਨ ਲਾਲ ਦੀ ਅਗਵਾਈ ਹੇਠ ਰੈਸਟ ਹਾਊਸ ਫਗਵਾੜਾ ਵਿਖੇ ਹੋਈ । ਜਿਸ ਵਿਚ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ । ਮੀਟਿੰਗ ਦੌਰਾਨ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਅਰੁਣਾ ਚੌਧਰੀ ਨੂੰ ਅੰਗਹੀਣ ਵਿਅਕਤੀਆਂ ਦੀ ਪੈਨਸ਼ਨ ਸਿੱਧੀ ਖਾਤੇ ਵਿੱਚ ਜਲਦੀ ਪਾਉਣ ਲਈ ਮੰਗ ਪੱਤਰ ਦੇਣ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਚੈੱਕ ਰਾਹੀਂ ਪੈਨਸ਼ਨ ਵੰਡੀ ਗਈ ਤਾਂ ਅੰਗਹੀਣ ਅਤੇ ਬਲਾਇੰਡ ਯੂਨੀਅਨ ਵੱਲੋਂ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੌਮੀ ਰਾਜ ਮਾਰਗ ਟੋਲ ਪਲਾਜ਼ਾ ਲੁਧਿਆਣਾ ਵਿਖੇ ਰੋਡ ਜਾਮ ਕਰਕੇ ਦਿੱਤਾ ਜਾਵੇਗਾ । ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਲਖਬੀਰ ਸਿੰਘ ਸੈਣੀ ਨੇ ਦੱਸਿਆ ਕਿ ਅੰਗਹੀਣ ਵਿਅਕਤੀਆਂ ਦੇ ਅੰਤੋਦਿਆ ਅੰਨ ਯੋਜਨਾ ਕਾਰਡ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਜਿਸ ਤਹਿਤ ਫੂਡ ਸਪਲਾਈ ਅਫਸਰ ਨੂੰ ਕਈ ਵਾਰ ਫੋਨ ‘ਤੇ ਵੀ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਜਿਸ ਦੇ ਰੋਸ ਵਜੋਂ ਅੱਜ ਫੂਡ ਸਪਲਾਈ ਦਫ਼ਤਰ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਅੱਧਾ ਘੰਟਾ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ । ਯੂਨੀਅਨ ਮੈਂਬਰਾਂ ਨੇ ਦੱਸਿਆ ਕਿ ਫੂਡ ਸਪਲਾਈ ਅਫ਼ਸਰਾਂ ਦੇ ਅੰਗਹੀਣ ਵਿਅਕਤੀਆਂ ਦੀਆਂ ਗਲਤ ਜਾਣਕਾਰੀਆਂ ਅੱਗੇ ਭੇਜਣ ਕਾਰਨ ਦਿਿਵਆਂਗ ਜਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਕਾਰਨ ਅੱਜ ਇਹ ਸੰਕੇਤਕ ਧਰਨਾ ਲਗਾਇਆ ਗਿਆ ਹੈ ਅਤੇ ਜੇਕਰ ਫੂਡ ਸਪਲਾਈ ਦਫਤਰ ਫਗਵਾੜਾ ਵਲੋਂ ਮੁੜ ਤੋਂ ਸੋਧ ਕਰਕੇ ਤਰਤੀਬ ਵਾਰ ਅੰਗਹੀਣਾਂ ਦੇ ਫਾਰਮ ਸਹੀ ਕਰਕੇ ਨਹੀਂ ਭੇਜੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।