ਚੰਡੀਗੜ, 20 ਅਗਸਤ – ਪੰਜਾਬ ਪੁਲਿਸ ਨੇ ਅੱਜ ISI ਸਮਰਥਿਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ISYF ਦੇ 2 ਪ੍ਰਮੁੱਖ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ ਅਤੇ ਪਿਸਤੌਲ ਅਤੇ ਗੋਲਾ ਬਾਰੂਦ ਦੇ ਨਾਲ ਜਿੰਦਾ ਗ੍ਰਨੇਡ ਅਤੇ ਟਿਫਿਨ ਬੰਬ ਦਾ ਇੱਕ ਵੱਡਾ ਭੰਡਾਰ ਬਰਾਮਦ ਕੀਤਾ ਹੈ।ਇੱਕ ਪ੍ਰੈਸ ਰਿਲੀਜ਼ ਵਿੱਚ ਵੇਰਵੇ ਦਿੰਦਿਆਂ ਪੁਲਿਸ ਬੁਲਾਰੇ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਨੇ ਗਗਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ 73 B, ਗਲੀ ਨੰਬਰ 02 ਗੁਰੂਨਾਨਕ ਪੁਰਾ ਫਗਵਾੜਾ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ ਇੱਕ ਨਾਜਾਇਜ਼ ਪਿਸਤੌਲ ਬਰਾਮਦ ਕੀਤਾ।ਪੁੱਛਗਿੱਛ ਦੌਰਾਨ ਗਗਨ ਨੇ ਖੁਲਾਸਾ ਕੀਤਾ ਕਿ ਉਸ ਕੋਲੋਂ ਬਰਾਮਦ ਕੀਤਾ ਗਿਆ ਪਿਸਤੌਲ ਹਥਿਆਰਾਂ ਦੀ ਵੱਡੀ ਖੇਪ ਦਾ ਹਿੱਸਾ ਸੀ ਜੋ ਕਿ ਸਰਹੱਦ ਪਾਰੋਂ ਪਿਛਲੇ ਕੁਝ ਮਹੀਨਿਆਂ ਵਿੱਚ ਡਰੋਨ ਰਾਹੀਂ ਭੇਜੀ ਗਈ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਖੇਪ ਦਾ ਵੱਡਾ ਹਿੱਸਾ ਜਲੰਧਰ ਦੇ ਗੁਰਮੁਖ ਸਿੰਘ ਨੇ ਲੁਕਾਇਆ ਸੀ।ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਟੀਮਾਂ ਨੇ ਤੁਰੰਤ ਗੁਰਮੁਖ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ਵਿੱਚੋਂ 2 ਜ਼ਿੰਦਾ ਹੈਂਡ ਗ੍ਰਨੇਡ, 1 ਡੈਟੋਨੇਟਰ ਦਾ ਡੱਬਾ, 2 ਐਕਸ ਟਿਊਬ, ਇੱਕ ਉੱਚ ਵਿਸਫੋਟਕ ਪੀਲੀ ਤਾਰ (ਪਾਕਿਸਤਾਨੀ), ਇੱਕ ਲਾਇਸੈਂਸਸ਼ੁਦਾ ਹਥਿਆਰ 45 ਬੋਰ, 14 ਭਾਰਤੀ ਪਾਸਪੋਰਟ, ਇੱਕ ਪਿਸਤੌਲ, 2 ਮੈਗਜ਼ੀਨ, 5 ਜ਼ਿੰਦਾ ਗੋਲੀਆਂ ਅਤੇ 3.75 ਲੱਖ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ। । ਉਨ੍ਹਾਂ ਅੱਗੇ ਖੁਲਾਸਾ ਕੀਤਾ ਕਿ ਇੱਕ ਜ਼ਿੰਦਾ ਟਿਫਿਨ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਬੱਸ ਸਟੈਂਡ ਜਲੰਧਰ ਦੇ ਨੇੜੇ ਉਸਦੇ ਦਫਤਰ ਵਿੱਚ ਲੁਕੋਈ ਹੋਈ ਸੀ। ਪੁਲਿਸ ਟੀਮਾਂ ਨੇ ਤੁਰੰਤ ਗੁਰਮੁਖ ਸਿੰਘ ਦੇ ਦਫਤਰ ‘ਤੇ ਛਾਪਾ ਮਾਰਿਆ ਅਤੇ ਤਲਾਸ਼ੀ ਦੌਰਾਨ ਉਥੋਂ 3 ਜ਼ਿੰਦਾ ਹੈਂਡ ਗ੍ਰਨੇਡ, 1 ਟਿਫਿਨ ਬੰਬ, 4 ਪਿਸਤੌਲ ਮੈਗਜ਼ੀਨ ਅਤੇ ਪੈਕੇਜਿੰਗ ਸਮਗਰੀ ਬਰਾਮਦ ਕੀਤੀ।ਹੁਣ ਤੱਕ ਕੀਤੀ ਗਈ ਮੁੱਢਲੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਖੇਪ ਆਈ.ਐਸ.ਆਈ.ਐਫ ਅਤੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਅੱਤਵਾਦੀ ਸਮੂਹਾਂ ਦੁਆਰਾ ਭੇਜੀ ਗਈ ਇੱਕ ਵੱਡੀ ਖੇਪ ਦਾ ਹਿੱਸਾ ਸੀ, ਜਿਸ ਵਿੱਚ ISYF ਵੀ ਸ਼ਾਮਲ ਸੀ, ਜੋ ਅੱਤਵਾਦ ਨੂੰ ਮੁੜ ਸੁਰਜੀਤ ਕਰਨ, ਪੰਜਾਬ ਵਿੱਚ ਕਈ ਅੱਤਵਾਦੀ ਹਮਲੇ ਕਰਨ ਅਤੇ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ‘ਚ ਹੈ।ਇਸ ਸਬੰਧ ਵਿੱਚ, ਕਪੂਰਥਲਾ ਪੁਲਿਸ ਨੇ ਗੁਰਮੁਖ ਸਿੰਘ ਅਤੇ ਗਗਨਦੀਪ ਸਿੰਘ ਦੇ ਵਿਰੁੱਧ ਗੈਰਕਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967, ਦੀ ਧਾਰਾ 13,16,17,18,18-B, 20, ਵਿਸਫੋਟਕ ਪਦਾਰਥ (ਸੋਧ) ਐਕਟ, 2001 ਦੇ 4,5 ਅਤੇ ਅਸਲਾ ਐਕਟ ਦੇ 25,27,54, 59 ਦੇ ਤਹਿਤ FIR ਨੰਬਰ 92 ਮਿਤੀ 20/08/2021 ਥਾਣਾ ਸਦਰ, ਫਗਵਾੜਾ ਵਿਖੇ ਦਰਜ ਕੀਤੀ ਹੈ।