ਅਕਾਲੀ-ਬਸਪਾ ਗੱਠਜੋੜ ਲਈ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਰਾਹ ਪੱਧਰਾ ਕਰੇਗੀ ‘ਅਲਖ ਜਗਾਓ ਰੈਲੀ’ – ਜਸਵੀਰ ਗੜੀ

ਫਗਵਾੜਾ, 26 ਅਗਸਤ (ਰਮਨਦੀਪ) – ਬਹੁਜਨ ਸਮਾਜ ਪਾਰਟੀ ਦੀ 29 ਅਗਸਤ ਨੂੰ ਫਗਵਾੜਾ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਅਲਖ ਜਗਾਓ ਰੈਲੀ 2022 ਦੀਆਂ ਪੰਜਾਬ ‘ਚ ਹੋਣ ਜਾ ਰਹੀਆ ਵਿਧਾਨ ਸਭਾ ਚੋਣਾਂ ਦਾ ਰਾਹ ਪੱਧਰਾ ਕਰੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਫਗਵਾੜਾ ਦੇ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਗੜੀ ਨੇ ਸਪੱਸ਼ਟ ਕੀਤਾ ਕਿ ਇਹ ਰੈਲੀ ਇੱਕ ਇਤਿਹਾਸਿਕ ਰੈਲੀ ਹੋਵੇਗੀ। ਕਾਂਗਰਸ ਪਾਰਟੀ ਅਤੇ ਭਾਜਪਾ ਦੇ ਤਿੱਖੇ ਸ਼ਬਦੀ ਹਮਲੇ ਕਰਦਿਆ ਗੜੀ ਨੇ ਆਖਿਆ ਕਿ ਅਕਾਲੀ-ਬਸਪਾ ਗੱਠਜੋੜ ਦੀਆਂ ਸ਼੍ਰੀ ਆਨੰਦਪੁਰ ਸਾਹਿਬ ਅਤੇ ਸ਼੍ਰੀ ਚਮਕੋਰ ਸਾਹਿਬ ਦੀਆਂ ਜੋ 2 ਸੀਟਾਂ ਬਸਪਾ ਦੀ ਝੋਲੀ ਵਿੱਚ ਆਈਆਂ ਸਨ ਉਸ ‘ਤੇ ਕਾਂਗਰਸ ਪਾਰਟੀ ਅਤੇ ਭਾਜਪਾ ਨੇ ਜੋ ਟਿੱਪਣੀਆਂ ਕੀਤੀਆ ਸਨ ਉਹ ਕਾਫੀ ਨਿੰਦਣਯੋਗ ਹਨ। ਉਨਾਂ ਕਿਹਾ ਕਿ ਜੋ ਵਿਤਕਰੇ ਅਜੇ ਤੱਕ ਕੀਤੇ ਜਾ ਰਹੇ ਹਨ ਉਨਾਂ ਨੂੰ ਰੋਕਣਾ ਹਕੂਮਤ ਦੀ ਜਿੰਮੇਵਾਰੀ ਹੈ, ਪਰ ਇਨਾਂ ਦੋਵੇਂ ਹੀ ਹਕੂਮਤਾਂ ਨੇ ਇਹ ਵਿਤਕਰੇ ਖਤਮ ਨਹੀ ਕੀਤੇ। ਜਿਸ ਦੇ ਚੱਲਦਿਆ ਬਸਪਾ ਨੇ ਬਹੁਜਨ ਸਮਾਜ ਦੇ ਮਾਨ ਤੇ ਸਨਮਾਨ ਲਈ ਹੀ ਇਹ ਰੈਲੀ ਰੱਖੀ ਹੈ। ਉਨਾਂ ਕਿਹਾ ਕਿ ਇਸ ਰੈਲੀ ਵਿੱਚ ਜਿੱਥੇ ਬਸਪਾ ਦੇ ਕਈ ਰਾਸ਼ਟਰੀ ਨੇਤਾ ਪਹੁੰਚ ਰਹੇ ਹਨ ਉਥੇ ਹੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵੀ ਪਹੁੰਚ ਰਹੇ ਹਨ।ਜਸਵੀਰ ਸਿੰਘ ਗੜੀ ਨੇ ਕਿਹਾ ਕਿ ਸਮਝੌਤੇ ਤਹਿਤ ਬਹੁਜਨ ਸਮਾਜ ਪਾਰਟੀ ਇਨਾਂ ਚੋਣਾਂ ਦੌਰਾਨ 20 ਸੀਟਾਂ ‘ਤੇ ਚੋਣ ਲੜੇਗੀ ਜਦ ਕਿ ਬਾਕੀ ਦੀਆਂ ਸੀਟਾਂ ‘ਤੇ ਅਕਾਲੀ ਦਲ ਚੋਣ ਲੜੇਗਾ। ਉਨਾਂ ਕਿਹਾ ਕਿ ਇਸ ਸਮੇਂ ਜੋ ਵੱਡਾ ਮੁੱਦਾ ਹੈ ਉਹ ਕਿਸਾਨੀ ਮੁੱਦਾ ਹੈ ਤੇ ਭਾਜਪਾ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਦਲਿਤਾਂ ਅਤੇ ਪੱਛੜਿਆ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਹੈ। ਉਨਾਂ ਕਿਹਾ ਕਿ ਅਕਾਲੀ -ਬਸਪਾ ਗੱਠਜੋੜ ਕਿਸਾਨਾਂ ਦੀ ਫਸਲ, ਕਿਸਾਨਾਂ ਅਤੇ ਉਨਾਂ ਦੀਆਂ ਜਮੀਨਾਂ ਦੀ ਸੁਰੱਖਿਆ ਕਰੇਗਾ।ਗੜੀ ਨੇ ਕਿਹਾ ਕਿ ਜੋ ਅੰਮ੍ਰਿਤਸਰ ਨਾਰਥ ਅਤੇ ਸੁਜਾਨਪੁਰ ਦੀਆਂ 2 ਸੀਟਾਂ ਸਨ ਉਹ ਬਸਪਾ ਦੀਆਂ ਸਨ ਤੇ ਹੁਣ ਉਨਾਂ ਦੀ ਜਗਾ ‘ਤੇ 2 ਸੀਟਾਂ ਕਿਸ ਹਲਕੇ ਤੋਂ ਮਿਲਦੀਆ ਹਨ ਉਹ ਪਾਰਟੀ ਹਾਈਕਮਾਂਡ ਤੈਅ ਕਰੇਗਾ।ਇਸ ਤੋਂ ਇਲਾਵਾ ਉਨਾਂ ਕਿਹਾ ਕਿ ਫਗਵਾੜਾ ਤੋ ਚੋਣਾਂ ਲਈ ਉਮੀਦਵਾਰ ਦੀ ਘੋਸ਼ਣਾ ਪਾਰਟੀ ਹਾਈਕਮਾਂਡ ਹੀ ਕਰੇਗੀ। ਪੱਤਰਕਾਰਾ ਵੱਲੋਂ ਇਸ ਪੱਤਰਕਾਰਾ ਵਾਰਤਾ ਦੌਰਾਨ ਅਕਾਲੀ ਦਲ ਦੇ ਨੇਤਾਵਾ ਦੇ ਨਾਂ ਆਉਣ ਦੇ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਸਰਵਨ ਸਿੰਘ ਕਲਾਰ ਦੇ ਪਿਤਾ ਦੇ ਦੇਹਾਂਤ ਹੋਣ ਕਾਰਨ ਅਕਾਲੀ ਦਲ ਦੇ ਨੇਤਾ ਨਹੀ ਆ ਸਕੇ ਤੇ ਉਹ ਖੁਦ ਵੀ ਸਸਕਾਰ ਤੋਂ ਆਏ ਹਨ। ਉਨਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਸਰਵਨ ਸਿੰਘ ਕੁਲਾਰ ਦੇ ਪਿਤਾ ਦੇ ਹੋਏ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ।ਕਿਸਾਨਾਂ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਵਿਰੋਧ ਕੀਤੇ ਜਾਣ ਦੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਕਿਸਾਨਾ ਨੇ ਖੁਦ ਹੀ ਐਲਾਨ ਕੀਤਾ ਹੈ ਕਿ ਭਾਜਪਾ ਨੂੰ ਛੱਡ ਕੇ ਕਿਸੇ ਵੀ ਪਾਰਟੀ ਦਾ ਵਿਰੋਧ ਨਾ ਕੀਤਾ ਜਾਵੇ, ਪਰ ਕਾਂਗਰਸ ਅਤੇ ਭਾਜਪਾ ਕੋਈ ਸ਼ਰਾਰਤ ਕਰ ਜਾਵੇ ਉਹ ਵੱਖਰੀ ਗੱਲ ਹੈ ਤੇ ਉਸ ਦਾ ਜਰੂਰ ਪ੍ਰਬੰਧ ਕਰਾਂਗੇ।ਜਸਵੀਰ ਸਿੰਘ ਗੜੀ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਬਸਪਾ ਅਤੇ ਕਿਸਾਨਾ ਦੇ ਦੋ ਅੰਦੋਲਨ ਚੱਲ ਰਹੇ ਹਨ ਤੇ ਦੋਵੇ ਅੰਦੋਲਨ ਇੱਕ ਦੂਸਰੇ ਦਾ ਸਮਰਥਨ ਕਰਦੇ ਹਨ। ਬੇਅਦਬੀ ਦੇ ਮਾਮਲੇ ਸਬੰਧੀ ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਜੋ ਵਾਅਦੇ ਕੀਤੇ ਸਨ ਉਹ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੂਰੇ ਨਹੀ ਕੀਤੇ। ਉਨਾਂ ਕਿਹਾ ਕਿ ਉਨਾਂ ਨੂੰ ਲੱਗਦਾ ਹੈ ਕਿ ਇਸ ਵਿੱਚ ਕਾਂਗਰਸ ਪਾਰਟੀ ਹੀ ਦੋਸ਼ੀ ਹੈ।ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਸ਼੍ਰੀ ਗੁਟਕਾ ਸਾਹਿਬ ਮੱਥੇ ਨਾਲ ਲਾ ਕੇ ਲਾਈਵ ਸਹੁੰ ਖਾਧੀ ਸੀ ਉਸ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *