ਸ਼ਿਮਲਾ, 28 ਅਗਸਤ – ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ ਔਟ ਤੇ ਪੰਡੋਹ ਵਿਚਕਾਰ ਢਿੱਗਾਂ ਡਿੱਗਣ ਕਾਰਨ ਮਨਾਲੀ-ਚੰਡੀਗੜ੍ਹ ਹਾਈਵੇ ਜੋ ਕਿ ਪਿਛਲੇ ਡੇਢ ਦਿਨ ਤੋਂ ਬੰਦ ਸੀ,. 34 ਘੰਟਿਆਂ ਬਾਅਦ ਖੁੱਲ੍ਹ ਗਿਆ ਹੈ। ਮੰਡੀ ਜ਼ਿਲ੍ਹੇ ‘ਚ ਪਿਛਲੇ 3 ਦਿਨ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ।ਵੀਰਵਾਰ ਰਾਤ ਕਰੀਬ 12 ਵਜੇ ਮੰਡੀ ਜ਼ਿਲ੍ਹੇ ਦੇ ਸੱਤ ਮੀਲ ਨਾਂ ਦੇ ਸਥਾਨ ‘ਤੇ ਪਹਾੜੀ ਤੋਂ ਭਾਰੀ ਪੱਥਰ ਅਤੇ ਮਲਬੇ ਦੇ ਡਿੱਗਣ ਕਾਰਨ ਰਾਜਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ। ਸ਼ੁੱਕਰਵਾਰ ਨੂੰ ਦਿਨ ਭਰ, KMC ਕੰਪਨੀ ਦੇ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਾਈਵੇ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਮੌਸਮ ਨੇ ਸਾਥ ਨਹੀਂ ਦਿੱਤਾ ਅਤੇ ਦਿਨ ਭਰ ਮੀਂਹ ਪੈਂਦਾ ਰਿਹਾ, ਜਿਸ ਕਾਰਨ ਹਾਈਵੇ ਨੂੰ ਬਹਾਲ ਨਹੀਂ ਕੀਤਾ ਜਾ ਸਕਿਆ। ਅੱਜ ਸਵੇਰੇ ਜਿਵੇਂ ਹੀ ਮੌਸਮ ਸਾਫ਼ ਹੋਇਆ, ਹਾਈਵੇ ਨੂੰ ਸਿਰਫ ਦੋ ਘੰਟਿਆਂ ਦੇ ਅੰਦਰ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ।