ਲੰਡਨ, 28 ਅਗਸਤ – ਭਾਰਤ ਅਤੇ ਇੰਗਲੈਂਡ ਵਿਚਕਾਰ ਲੀਡਸ ਵਿਖੇ ਹੋ ਰਹੇ ਤੀਸਰੇ ਕ੍ਰਿਕੇਟ ਟੈਸਟ ਮੈਚ ਦੇ ਚੌਥੇ ਦਿਨ ਭਾਰਤ ਦੀ ਪੂਰੀ ਟੀਮ 278 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਇੰਗਲੈਂਡ ਨੇ ਇਹ ਮੈਚ ਇੱਕ ਪਾਰੀ ਤੇ 76 ਦੌੜਾਂ ਨਾਲ ਜਿੱਤ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਭਾਰਤ ਦੀ ਪੂਰੀ ਟੀਮ 78 ਦੌੜਾਂ ਬਣਾ ਕੇ ਆਊਟ ਹੋ ਗਈ ਸੀ, ਜਵਾਬ ਵਿਚ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਦੀ ਟੀਮ ਨੇ ਪਹਿਲੀ ਪਾਰੀ ‘ਚ 432 ਦੌੜਾਂ ਬਣਾਈਆਂ ਸਨ ਤੇ ਭਾਰਤ ਤੋਂ 354 ਦੌੜਾਂ ਦੀ ਲੀਡ ਹਾਸਿਲ ਕੀਤੀ ਸੀ। ਦੂਸਰੀ ਪਾਰੀ ਵਿਚ ਵੀ ਭਾਰਤ ਦੀ ਪੂਰੀ ਟੀਮ 278 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵੱਲੋਂ ਦੂਸਰੀ ਪਾਰੀ ‘ਚ ਚੇਤੇਸ਼ਵਰ ਪੁਜਰਾਰਾ ਨੇ 91 ਅਤੇ ਰੋਹਿਤ ਸ਼ਰਮਾ ਨੇ 58 ਦੌੜਾਂ ਬਣਾਈਆਂ ਜਦਕਿ ਇੰਗਲੈਂਡ ਵੱਲੋਂ ਤੇਜ ਗੇਂਦਬਾਜ਼ ਓਲੀ ਰੌਬਿਨਸਨ ਨੇ 5 ਵਿਕਟਾਂ ਹਾਸਿਲ ਕੀਤੀਆਂ ਇਸ ਜਿੱਤ ਦੇ ਨਾਲ ਹੀ 5 ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ।