ਕਾਬੁਲ, 29 ਅਗਸਤ – ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਹਵਾਈ ਅੱਡੇ ‘ਤੇ ਇਕ ਹੋਰ ਅੱਤਵਾਦੀ ਹਮਲਾ ਹੋਣ ਦਾ ਵੱਡਾ ਖਦਸ਼ਾ ਹੈ। ਇਸ ਦੌਰਾਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਾਬੁਲ ਹਵਾਈ ਅੱਡਾ ਤੇ ਇਸ ਦੇ ਆਲੇ ਦੁਆਲੇ ਦਾ ਖੇਤਰ ਛੱਡਣ ਦੀ ਅਪੀਲ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੌ ਬਾਈਡੇਨ ਨੇ ਕਿਹਾ ਹੈ ਕਿ ਅਗਲੇ 24 ਤੋਂ 36 ਘੰਟਿਆਂ ਦੌਰਾਨ ਵੱਡਾ ਅੱਤਵਾਦੀ ਹਮਲਾ ਹੋਣ ਦੀ ਪੂਰੀ ਸੰਭਾਵਨਾ ਹੈ। ਅੱਤਵਾਦੀ ਹਮਲੇ ਦੇ ਖਦਸ਼ੇ ਦੌਰਾਨ ਅਮਰੀਕੀ ਫੌਜ਼ ਵੱਲੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਪ੍ਰਕਿਰਿਆ ਉੱਪਰ ਵੀ ਅਸਰ ਪਿਆ ਹੈ। ਅਮਰੀਕੀ ਦੂਤਾਵਾਸ ਨੇ ਹਮਲੇ ਦੀਆਂ ਕੁੱਝ ਸੰਭਾਵੀ ਥਾਵਾਂ ਦੀ ਪਛਾਣ ਵੀ ਕੀਤੀ ਹੈ ਜਿਨ੍ਹਾਂ ਵਿਚ ਕਾਬੁਲ ਹਵਾਈ ਅੱਡੇ ਦਾ ਸਰਕਲ ਗੇਟ, ਆਂਤਰਿਕ ਮਾਮਲਿਆਂ ਦਾ ਨਵਾਂ ਮੰਤਰਾਲਾ ਅਤੇ ਪੰਜਸ਼ੀਰ ਪੈਟਰੋਲ ਸਟੇਸ਼ਨ ਦੇ ਨੇੜੇ ਦਾ ਗੇਟ ਸ਼ਾਮਿਲ ਹਨ।