ਮਲੋਟ, 29 ਅਗਸਤ – ਬੀਤੇ ਦਿਨ ਹਰਿਆਣਾ ਦੇ ਕਰਨਾਲ ਵਿਖੇ ਮੁੱਖ ਮੰਤਰੀ ਮਨੋਹਰ ਲਾਲ ਖਟੱਰ ਦੀ ਅਗਵਾਈ ਵਿਚ ਹੋਣ ਵਾਲੀ ਮੀਟਿੰਗ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਉੱਪਰ ਹਰਿਆਣਾ ਪੁਲਿਸ ਵੱਲੋਂ ਕਈ ਗੇੜ ‘ਚ ਲਾਠੀਚਾਰਜ ਕੀਤਾ ਗਿਆ ਸੀ ਜਿਸ ਵਿਚ ਕਈ ਕਿਸਾਨ ਜਖਮੀਂ ਹੋਏ ਸਨ ਜਦਕਿ ਕਈਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਢਾਏ ਗਏ ਤਸ਼ੱਦਦ ਦਾ ਕਿਸਾਨਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੀ ਕਾਲ ‘ਤੇ ਕਿਸਾਨਾਂ ਨੇ ਪੰਜਾਬ ਭਰ ਵਿਚ ਕਿਸਾਨਾਂ ਵੱਲੋਂ 2 ਵਜੇ ਤੱਕ ਧਰਨੇ ਦਿੱਤੇ ਜਾ ਰਹੇ ਹਨ। ਇਸ ਦੇ ਤਹਿਤ ਮਲੋਟ ਵਿਖੇ ਵੀ ਕਿਸਾਨਾਂ ਨੇ ਦਿੱਲੀ-ਫਾਜ਼ਿਲਕਾ ਨੈਸ਼ਨਲ ਹਾਈਵੇ ਜਾਮ ਕਰਕੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂ ਰਮਨ ਕੁਮਾਰ ਨੇ ਕਿਹਾ ਕਿ ਇਸ ਨੂੰ ਲੈ ਕੇ ਵਾਇਰਲ ਹੋਈ ਵੀਡੀਓ ਵਿਚ ਕਰਨਾਲ ਦਾ ਐੱਸ.ਡੀ.ਐੱਮ ਸ਼ਰੇਆਮ ਕਿਸਾਨਾਂ ਦੇ ਸਿਰ ਪਾੜਨ ਦਾ ਪੁਲਿਸ ਮੁਲਾਜ਼ਮਾਂ ਨੂੰ ਕਹਿ ਰਿਹਾ ਹੈ। ਸਮੂਹ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੁਤਲਾ ਫੂਕਦੇ ਹੋਏ ਕਿਸਾਨਾਂ ਉੱਪਰ ਤਸ਼ੱਦਦ ਢਾਉਣ ਦਾ ਹੁਕਮ ਦੇਣ ਵਾਲੇ ਐੱਸ.ਡੀ.ਐਮ ਅਤੇ ਕਿਸਾਨਾਂ ਨਾਲ ਅਣਮਨੁੱਖੀ ਵਤੀਰਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਉਨ੍ਹਾਂ ਉੱਪਰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।