ਸ੍ਰੀਨਗਰ, 2 ਸਤੰਬਰ – ਜੰਮੂ ਕਸ਼ਮੀਰ ਦੇ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦਾ ਬੁੱਧਵਾਰ ਨੂੰ ਹੈਦਰਪੋਰਾ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਅੱਜ ਸਵੇਰੇ ਸ਼ਹਿਰ ਦੇ ਬਾਹਰੀ ਇਲਾਕੇ ‘ਚ ਸਥਿਤ ਉਨ੍ਹਾਂ ਦੀ ਪਸੰਦੀਦਾ ਜਗ੍ਹਾ ‘ਤੇ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਸਪੁਰਦ-ਏ-ਖਾਕ ਕੀਤਾ ਗਿਆ।ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਨਾਲ ਸਬੰਧ ਰੱਖਣ ਵਾਲੇ ਸਈਅਦ ਅਲੀ ਸ਼ਾਹ ਗਿਲਾਨੀ ਨੇ ਪਿਛਲੇ ਸਾਲ ਰਾਜਨੀਤੀ ਅਤੇ ਹੁਰੀਅਤ ਤੋਂ ਅਸਤੀਫਾ ਦੇ ਦਿੱਤਾ ਸੀ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਗਿਲਾਨੀ ਦੇ ਦੇਹਾਂਤ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਬੇਸ਼ੱਕ ਜ਼ਿਆਦਾਤਰ ਚੀਜ਼ਾਂ ‘ਤੇ ਅਸੀਂ ਸਹਿਮਤ ਨਹੀਂ ਹੋ ਸਕੇ ਪਰ ਉਨ੍ਹਾਂ ਦੀ ਦ੍ਰਿੜਤਾ ਅਤੇ ਵਿਸ਼ਵਾਸ਼ਾਂ ਨਾਲ ਖੜੇ ਹੋਣ ਲਈ ਮੈਂ ਉਨ੍ਹਾਂ ਦਾ ਸਨਮਾਨ ਕਰਦੀ ਹਾਂ।