ਫਗਵਾੜਾ, 3 ਸਤੰਬਰ (ਰਮਨਦੀਪ) – ਬੀਤੀ ਰਾਤ ਫਗਵਾੜਾ ਦੇ ਉਂਕਾਰ ਨਗਰ ਵਿਖੇ 2 ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ 4 ਲੁਟੇਰੇ ਪਿਸਤੌਲ ਦੀ ਨੋਕ ‘ਤੇ ਇੱਕ ਕਰਿਆਨੇ ਦੀ ਦੁਕਾਨ ਤੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਦੁਕਾਨ ਮਾਲਿਕ ਯੋਗੇਸ਼ ਕੌਸ਼ਲ ਨੇ ਦੱਸਿਆ ਕਿ ਰਾਤ ਸਵਾ ਕੁ 8 ਵਜੇ ਉਸ ਦਾ ਬੇਟਾ ਦੁਕਾਨ ‘ਤੇ ਬੈਠਾ ਸੀ। ਇਸ ਦੌਰਾਨ 2 ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ 4 ਲੁਟੇਰੇ ਆਏ ਜਿਨ੍ਹਾਂ ‘ਚੋਂ ਇੱਕ ਬਾਹਰ ਹੀ ਖੜਾ ਰਿਹਾ ਤੇ 3 ਲੁਟੇਰਿਆ ਨੇ ਦੁਕਾਨ ਅੰਦਰ ਆ ਕੇ ਉਨ੍ਹਾਂ ਦੇ ਬੇਟੇ ਤੋਂ ਅੇਪੀ ਦੀ ਬੋਤਲ ਮੰਗੀ। ਉਨ੍ਹਾਂ ਦਾ ਬੇਟਾ ਅੇਪੀ ਦੀ ਬੋਤਲ ਦੇਣ ਲੱਗਾ ਤਾਂ ਉਕਤ ਲੁਟੇਰੇ ਪਿਸਤੌਲ ਦੀ ਨੋਕ ‘ਤੇ ਦੁਕਾਨ ਦੇ ਗੱਲੇ ‘ਚੋਂ 25 ਤੋਂ 30 ਹਜ਼ਾਰ ਦੀ ਨਗਦੀ ਅਤੇ ਹੋਰ ਸਮਾਨ ਲੈ ਕੇ ਰਫੂ ਚੱਕਰ ਹੋ ਗਏ।ਲੁਟੇਰਿਆਂ ਦੀ ਵੀਡੀਓ ਦੁਕਾਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ‘ਚ ਕੈਦ ਹੋ ਗਈ ਜਿਸ ਵਿਚ ਲੁਟੇਰੇ ਦੁਕਾਨ ਤੋਂ ਫਰਾਰ ਹੁੰਦੇ ਦਿਖਾਈ ਦੇ ਰਹੇ ਹਨ।ਓਧਰ ਐੱਸ.ਐੱਚ.ਓ ਥਾਣਾ ਸਿਟੀ ਫਗਵਾੜਾ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੁਕਾਨ ਮਾਲਿਕ ਦੇ ਬਿਆਨਾਂ ਤੋਂ ਬਾਅਦ ਚੋਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।