ਲਖਨਊ, 4 ਸਤੰਬਰ – ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ‘ਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਖੇ ਕਿਸਾਨਾਂ ਦੀ ਮਹਾਂਪੰਚਾਇਤ ਕੱਲ੍ਹ ਹੋਣ ਜਾ ਰਹੀ ਹੈ, ਜਿਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਕਰਨਾਟਕ ਅਤੇ ਕੇਰਲ ਤੋਂ ਇਲਾਵਾ ਦੂਜੇ ਰਾਜਾਂ ਦੇ ਕਿਸਾਨ ਸੰਗਠਨ ਪਹੁੰਚਣੇ ਸ਼ੁਰੂ ਹੋ ਗਏ ਹਨ ਤੇ ਮਹਾਂਪੰਚਾਇਤ ਵਿਚ ਕਿਸਾਨਾਂ ਦੀ ਭਾਰੀ ਭੀੜ ਇਕੱਠੀ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਨੂੰ ਲੈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਤੇ ਹਾਪੁੜ ਵਿਚ ਡੀ.ਐਮ ਨੇ 3 ਮੈਜਿਸਟ੍ਰੇਟ ਤਾਇਨਾਤ ਕੀਤੇ ਹਨ। ਵੱਖ ਵੱਖ ਥਾਵਾਂ ਤੋਂ ਆਉਣ ਵਾਲੇ ਕਿਸਾਨਾਂ ਦੇ ਵਧਣ ਵਾਲੇ ਟ੍ਰੈਫਿਕ ਨੂੰ ਦੇਖਦੇ ਹੋਏ ਹਾਪੁੜ ‘ਚ 3 ਜ਼ੋਨ, 2 ਸੁਪਰ ਜ਼ੋਨ ਅਤੇ 9 ਸੈਕਟਰ ਬਣਾਏ ਗਏ ਹਨ।ਮਹਾਂਪੰਚਾਇਤ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ 5 ਸਤੰਬਰ ਦੀ ਮਹਾਂਓਪੰਚਾਇਤ ਨੂੰ ਕਿਸਾਨ ਅਤੇ ਮਜ਼ਦੂਰ ਆਪਣੇ ਸਨਮਾਨ ਨਾਲ ਜੋੜ ਕੇ ਦੇਖ ਰਹੇ ਹਨ। ਖੁਦ ਮੁਜ਼ੱਫਰਨਗਰ ਦੇ ਰਹਿਣ ਵਾਲੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਕਹਿਣ ‘ਤੇ ਉਹ ਮਹਾਂਪੰਚਾਇਤ ‘ਚ ਤਾਂ ਜਾ ਰਹੇ ਹਨ ਪਰ ਆਪਣੇ ਘਰ ਨਹੀਂ ਜਾਣਗੇ।