ਲਖਨਊ, 10 ਸਤੰਬਰ – ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਦਾ ਕਹਿਣਾ ਹੈ ਕਿ ਪਾਰਟੀ ਦੀ ਕੋਸ਼ਿਸ਼ ਹੋਵੇਗੀ ਕਿ ਆਉਣ ਵਾਲੀਆਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ‘ਚ ਕਿਸੇ ਬਾਹੁਬਲੀ ਜਾਂ ਮਾਫੀਆ ਨੂੰ ਟਿਕਟ ਨਾ ਦਿੱਤੀ ਜਾਵੇ। ਇਸ ਦੇ ਮੱਦੇਨਜ਼ਰ ਹੀ ਆਜ਼ਮਗੜ੍ਹ ਮੰਡਲ ਦੀ ਮਊ ਵਿਧਾਨ ਸਭਾ ਸੀਟ ਤੋਂ ਮੁਖਤਾਰ ਅੰਸਾਰੀ ਨਹੀਂ ਬਲਕਿ ਬਸਪਾ ਦੇ ਯੂ.ਪੀ ਪ੍ਰਧਾਨ ਭੀਮ ਰਾਜਭਰ ਦਾ ਨਾਂਅ ਫਾਈਨਲ ਕੀਤਾ ਗਿਆ ਹੈ। ਜਨਤਾ ਦੀ ਕਸੌਟੀ ਅਤੇ ਉਮੀਦਾਂ ਉੱਪਰ ਖਰਾ ਉਤਰਨ ਦੇ ਯਤਨਾਂ ਤਹਿਤ ਲਏ ਗਏ ਇਸ ਫੇਸਲੇ ਤੋਂ ਬਾਅਦ ਉਨ੍ਹਾਂ ਪਾਰਟੀ ਪ੍ਰਭਾਰੀਆਂ ਨੂੰ ਅਪੀਲ ਕੀਤੀ ਕਿ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਤਾਂ ਜੋ ਬਸਪਾ ਸਰਕਾਰ ਬਣਨ ‘ਤੇ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਕਰਨ ਵਿਚ ਕੋਈ ਦਿੱਕਤ ਨਾ ਹੋਵੇ।