ਚੰਡੀਗੜ੍ਹ, 15 ਸਤੰਬਰ – ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਗੁਰਦਾਸ ਮਾਨ ਨੂੰ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਗੁਰਦਾਸ ਮਾਨ ਨੂੰ ਇਸ ਮਾਮਲੇ ਵਿਚ ਅੰਤਰਿਮ ਜਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਨਕੋਦਰ ਵਿਖੇ ਇੱਕ ਧਾਰਮਿਕ ਅਸਥਾਨ ‘ਤੇ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਲੈ ਕੇ ਗਲਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਪ੍ਰਦਰਸ਼ਨਾਂ ‘ਤੇ 26 ਅਗਸਤ ਨੂੰ ਨਕੋਦਰ ਥਾਣੇ ‘ਚ ਗੁਰਦਾਸ ਮਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਖਿਲਾਫ ਗੁਰਦਾਸ ਮਾਨ ਵੱਲੋਂ ਪਾਈ ਗਈ ਪਟੀਸ਼ਨ ਨੂੰ ਜਲੰਧਰ ਕੋਰਟ ਨੇ 8 ਸਤੰਬਰ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਗੁਰਦਸ ਮਾਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਸੀ। ਇਸ ਦੇ ਨਾਲ ਹੀ ਗੁਰਦਾਸ ਮਾਨ ਨੂੰ ਇੱਕ ਹਫਤੇ ਵਿਚ ਜਾਂਚ ਵਿਚ ਮੁੜ ਤੋਂ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ।