ਨਵੀਂ ਦਿੱਲੀ, 15 ਸਤੰਬਰ – ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇਸ ਵਾਰ ਵੀ ਦਿਵਾਲੀ ‘ਤੇ ਦਿੱਲੀ ‘ਚ ਹਰ ਤਰਾਂ ਦੇ ਪਟਾਕੇ ਸਟੋਰ ਕਰਨ, ਵੇਚਣ ਅਤੇ ਚਲਾਉਣ ਉੱਪਰ ਪਾਬੰਦੀ ਲਗਾ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਦਿੱਲੀ ‘ਚ ਪ੍ਰਦੂਸ਼ਣ ਦੀ ਖਤਰਨਾਕ ਸਥਿਤੀ ਦੇ ਮੱਦੇਨਜ਼ਰ ਦਿਵਾਲੀ ‘ਤੇ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਹਰ ਤਰਾਂ ਦੇ ਪਟਾਕੇ ਸਟੋਰ ਕਰਨ, ਵੇਚਣ ਤੇ ਚਲਾਉਣ ਉੱਪਰ ਪਾਬੰਦੀ ਲਗਾਈ ਜਾ ਰਹੀ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ। ਪਿਛਲੇ ਸਾਲ ਦੇਰ ਨਾਲ ਪਾਬੰਦੀ ਲਗਾਉਣ ਕਰਕੇ ਪਟਾਕਿਆਂ ਦਾ ਭੰਡਾਰਨ ਕਰਨ ਵਾਲੇ ਵਪਾਰੀਆਂ ਦਾ ਨੁਕਸਾਨ ਹੋਇਆ ਸੀ। ਸੋ ਸਾਰੇ ਵਪਾਰੀਆਂ ਨੂੰ ਅਪੀਲ ਹੈ ਕਿ ਇਸ ਵਾਰ ਪਾਬੰਦੀ ਨੂੰ ਦੇਖਦੇ ਹੋਏ ਕਿਸੇ ਵੀ ਤਰਾਂ ਦਾ ਭੰਡਾਰਨ ਨਾ ਕੀਤਾ ਜਾਵੇ।