ਦੇਹਰਾਦੂਨ, 18 ਸਤੰਬਰ – ਕੋਰੋਨਾ ਮਹਾਂਮਾਰੀ ਦੇ ਚੱਲਦਿਆ ਲੰਮਾ ਸਮਾਂ ਰੋਕ ਲਗਾਏ ਜਾਣ ਤੋਂ ਬਾਅਦ ਉੱਤਰਾਖੰਡ ਦੀ ਚਾਰਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਉੱਤਰਾਖੰਡ ਹਾਈਕੋਰਟ ਵੱਲੋਂ ਚਾਰਧਾਮ ਯਾਤਰਾ ਉੱਪਰ ਰੋਕ ਹਟਾਏ ਜਾਣ ਤੋਂ ਬਾਅਦ ਉੱਤਰਾਖੰਡ ਸਰਕਾਰ ਵੱਲੋਂ ਚਾਰ ਧਾਮ ਯਾਤਰਾ ਨੂੰ ਲੈ ਕੇ ਐੱਸ.ਓ.ਪੀ ਜਾਰੀ ਕੀਤਾ ਗਿਆ ਹੈ। ਉੱਤਰਾਖੰਡ ਸਰਕਾਰ ਵੱਲੋਂ ਜਾਰੀ ਐੱਸ.ਓ.ਪੀ ਵਿਚ ਹਰ ਰੋਜ਼ ਬਦਰੀਨਾਥ ਧਾਮ ‘ਚ 1000 ਸ਼ਰਧਾਲੂਆਂ, ਕੇਦਾਰਨਾਥ ਧਾਮ ‘ਚ 800, ਗੰਗੋਤਰੀ ਧਾਮ ‘ਚ 600 ਅਤੇ ਅਤੇ ਯਮਨੋਤਰੀ ਧਾਮ ‘ਚ 400 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਹੋਵੇਗੀ। ਐੱਸ.ਓ.ਪੀ ਅਨੁਸਾਰ ਚਾਰਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਤੇ ਈ-ਪਾਸ ਲਾਜ਼ਮੀ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਕੋਵਿਡ ਨੈਗੇਟਿਵ RT PCR ਰਿਪੋਰਟ ਜੋ ਕਿ 72 ਘੰਟੇ ਤੋਂ ਪੁਰਾਣੀ ਨਾ ਹੋਵੇ ਅਤੇ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾ ਲੱਗੀਆਂ ਹੋਣੀਆਂ ਲਾਜ਼ਮੀ ਹਨ।