ਮੁੰਬਈ, 18 ਸਤੰਬਰ – ਭਾਰਤੀ ਕ੍ਰਿਕੇਟ ਟੀਮ ਦੇ ਕੋਚ ਰਵੀ ਸ਼ਾਸਤਰੀ ਦਾ ਕਾਰਜਕਾਲ ਟੀ-20 ਵਿਸ਼ਵ ਕੱਪ ਤੋਂ ਬਾਅਦ ਪੂਰਾ ਹੋਣ ਜਾ ਰਿਹਾ ਹੈ। ਸੂਤਰਾਂ ਅਨੁਸਾਰ ਸੌਰਵ ਗਾਂਗੁਲੀ ਦੀ ਅਗਵਾਈ ਵਾਲੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਵੱਲੋਂ ਅਨਿਲ ਕੁੰਬਲੇ ਜਾਂ ਵੀ.ਵੀ.ਐੱਸ ਲਛਮਣ ਨੂੰ ਟੀਮ ਦਾ ਮੁੱਖ ਕੋਚ ਬਣਨ ਲਈ ਕਿਹਾ ਜਾ ਸਕਦਾ ਹੈ। ਦੱਸ ਦਈਏ ਕਿ ਅਨਿਲ ਕੁੰਬਲੇ 2016-17 ਦੌਰਾਨ ਇੱਕ ਸਾਲ ਲਈ ਟੀਮ ਦੇ ਕੋਚ ਰਹਿ ਚੁੱਕੇ ਹਨ, ਜਿਨ੍ਹਾਂ ਨੂੰ ਸਚਿਨ ਤੇਂਦੂਲਕਰ, ਵੀ.ਵੀ.ਐੱਸ ਲਛਮਣ ਅਤੇ ਸੌਰਵ ਗਾਂਗੁਲੀ ਦੀ ਅਗਵਾਈ ਵਾਲੀ ਸਲਾਹਕਾਰ ਸਮਿਤੀ ਨੇ ਸ਼ਾਸਤਰੀ ਦੀ ਥਾਂ ਨਿਯੁਕਤ ਕੀਤਾ ਸੀ। ਪਰੰਤੂ ਕਪਤਾਨ ਵਿਰਾਟ ਕੋਹਲੀ ਨਾਲ ਮਤਭੇਦ ਦੇ ਚੱਲਦਿਆ ਅਨਿਲ ਕੁੰਬਲੇ ਨੇ ਚੈਂਪੀਅਨ ਟਰਾਫੀ ਦੇ ਫਾਈਨਲ ‘ਚ ਪਾਕਿਸਤਾਨ ਹੱਥੋਂ ਹਾਰ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਵੈਸੇ ਵੀ ਟੀ-20 ਵਿਸ਼ਵ ਕੱਪ ਤੋਂ ਬਾਅਦ ਵਿਰਾਟ ਕੋਹਲੀ ਟੀ-20 ਦੀ ਕਪਤਾਨੀ ਤੋਂ ਅਸਤੀਫਾ ਦੇਣ ਜਾ ਰਹੇ ਹਨ, ਅਜਿਹੇ ਵਿਚ ਭਾਰਤੀ ਟੀਮ ਵਿਚ ਕਾਫੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।