ਚੰਡੀਗੜ੍ਹ, 21 ਸਤੰਬਰ – ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਲਾਏ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ। ਚੰਡੀਗੜ੍ਹ ਵਿਖੇ ਪੱਤਰਕਾਰ ਵਾਰਤਾ ਦੌਰਾਨ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਵੱਲੋਂ ਜੋ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਉੱਪਰ ਲਗਾਏ ਗਏ ਹਨ ਉਹ ਗਲਤ ਹਨ ਕਿਉਕਿ ਰਾਜੇਵਾਲ ਨੇ ਹਮਲਾ ਕਰਨ ਵਾਲਿਆਂ ਦੀ ਥਾਂ ਸਾਡੇ ‘ਤੇ ਇਲਾਜ਼ਾਮ ਲਾਏ ਹਨ। ਸਾਡੇ ਮਨਾਂ ‘ਚ ਕਿਸਾਨਾਂ ਲਈ ਦਰਦ ਹੈ। ਉਨ੍ਹਾਂ ਕਿਹਾ ਕਿ ਜੇਕਰ ਬੇਅਦਬੀ ਦੇ ਇਲਜ਼ਾਮ ਲਗਾਉਣੇ ਹਨ ਤਾਂ ਇਸ ਲਈ ਰਾਜਨੀਤਿਕ ਮੰਚ ਹੋਣਾ ਚਾਹੀਦਾ ਹੈ। ਰਾਜੇਵਾਲ ਨੇ ਸਾਡੇ ‘ਤੇ ਇਲਜ਼ਾਮ ਲਾ ਕੇ ਆਪਣਾ ਕੱਦ ਛੋਟਾ ਕੀਤਾ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈੱਸ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਉੱਪਰ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਸਨ ਤੇ ਕਿਹਾ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦਾ ਹਿਮਾਇਤੀ ਹੁੰਦਾ ਤਾਂ ਪੱਤਰਕਾਰ ਵਾਰਤਾ ਕਰਨ ਦੀ ਬਜਾਇ ਕਿਸਾਨਾਂ ਨਾਲ ਗੱਲ ਕਰਦਾ।