ਹੁਸ਼ਿਆਰਪੁਰ, 21 ਸਤੰਬਰ – ਬੀਤੇ ਦਿਨ ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਵਿੱਚ ਫਲ੍ਹਾਂ ਦੇ ਵਪਾਰੀ ਦੇ ਬੇਟੇ ਦੀ ਕਿਡਨੈਪਿੰਗ ਨੂੰ ਹੁਸ਼ਿਆਰਪੁਰ ਪੁਲਸ ਵੱਲੋਂ 24 ਘੰਟੇ ਦੇ ਅੰਦਰ ਅੰਦਰ ਸੁਲਝਾਉਂਦੇ ਹੋਏ ਕਿਡਨੈਪ ਹੋਏ ਲੜਕੇ ਨੂੰ ਸਹੀ ਸਲਾਮਤ ਉਸ ਦੇ ਪਰਿਵਾਰ ਕੋਲ ਪਹੁੰਚਾ ਦਿੱਤਾ ਗਿਆ ਹੈ। ਪੱਤਰਕਾਰ ਵਾਰਤਾ ਦੌਰਾਨ ਅਮਨੀਤ ਕੌਂਡਲ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਨੇ ਦੱਸਿਆ ਕਿ ਬੀਤੇ ਦਿਨ ਅਗਵਾ ਹੋਏ ਨੌਜਵਾਨ ਦੀ ਘਟਨਾ ਨੂੰ ਤੁਰੰਤ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਪੰਜਾਬ ਵਿੱਚ ਰੈੱਡ ਅਲਰਟ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇਸ ਕੇਸ ਵਿੱਚ ਲੋੜੀਂਦੇ ਦੋਸ਼ੀਆਂ ਵਿਚੋਂ ਇਕ ਦੋਸ਼ੀ ਵਰਿੰਦਰਪਾਲ ਸਿੰਘ ਉਰਫ ਵਿੱਕੀ ਪੁੱਤਰ ਬਲਦੇਵ ਸਿੰਘ ਵਾਸੀ ਚੂੰਗ ਥਾਣਾ ਮਹਿਤਾ ਅੰਮ੍ਰਿਤਸਰ ਜੋ ਕਿ ਦਰਮਨ ਕਾਹਲੋਂ ਦੇ ਕਹਿਣ ‘ਤੇ ਮੰਗੀ ਫਿਰੌਤੀ ਦੀ ਰਕਮ ਲੈਣ ਵਾਸਤੇ ਆਇਆ ਸੀ, ਨੂੰ ਪੁਲੀਸ ਵੱਲੋਂ ਬੜੀ ਮੁਸਤੈਦੀ ਨਾਲ ਟਾਂਡਾ ਰੋਡ ਸ੍ਰੀ ਹਰਗੋਬਿੰਦਪੁਰ ਨਹਿਰ ਨੇੜਿਓ ਗ੍ਰਿਫ਼ਤਾਰ ਕਰ ਲਿਆ ਗਿਆ।ਪੁਲਿਸ ਨੇ ਉਸ ਕੋਲੋਂ ਇਕ ਮੋਟਰਸਾਈਕਲ ਬਿਨਾਂ ਨੰਬਰੀ, ਪਿਸਟਲ 32 ਬੋਰ ਅਤੇ 3 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।ਉਨ੍ਹਾਂ ਦੱਸਿਆ ਕਿ ਕਿਡਨੈਪ ਹੋਏ ਲੜਕੇ ਰਾਜਨ ਨੂੰ ਉਨ੍ਹਾਂ ਕੋਲੋਂ ਸਹੀ ਸਲਾਮਤ ਬਚਾ ਲਿਆ ਗਿਆ ਹੈ ਅਤੇ ਸਹੀ ਸਲਾਮਤ ਉਸ ਦੇ ਘਰਦਿਆਂ ਹਵਾਲੇ ਕਰ ਦਿੱਤਾ ਗਿਆ ਹੈ। ਅਗਵਾ ਕਰਨ ਵਾਲੇ ਰਾਜਨ ਦੀ ਜੋ ਕਾਰ ਨਾਲ ਲੈ ਕੇ ਗਏ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ।