ਹੁਸ਼ਿਆਰਪੁਰ, 29 ਸਤੰਬਰ – ਹੁਸ਼ਿਆਰਪੁਰ ਜ਼ਿਲ੍ਹਾ ਪੁਲਿਸ ਨੇ ਹੈਰੋਇਨ ਅਤੇ ਲੱਖਾਂ ਰੁਪਏ ਦੀ ਨਗਦੀ ਸਮੇਤ ਨਸ਼ਾ ਤਸਕਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਅਹਿਮ ਸਫਲਤਾ ਹਾਸਿਲ ਕੀਤੀ ਹੈ।ਇਸ ਸਬੰਧੀ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰਵਿੰਦਰਪਾਲ ਸਿੰਘ ਸੰਧੂ ਐਸ.ਪੀ. (ਤਫ਼ਤੀਸ਼) ਨੇ ਦੱਸਿਆ ਕਿ ਰਾਕੇਸ਼ ਕੁਮਾਰ ਡੀ.ਐਸ.ਪੀ. (ਡੀ), ਇੰਸ: ਸੁਰਜੀਤ ਸਿੰਘ ਇੰਚਾਰਜ ਨਾਰਕੋਟਿਕ ਸੈਲ ਅਤੇ ਇੰਸ: ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ਼ ਦੀ ਟੀਮ ਵਲੋਂ ਕਮੇਟੀ ਘਰ ਨਜ਼ਦੀਕ ਕੀਤੀ ਨਾਕਾਬੰਦੀ ਦੌਰਾਨ ਪਵਿੱਤਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਹਸਲਪੁਰ ਪਰਹੋਤਾ ਜ਼ਿਲ੍ਹਾ ਪਟਿਆਲਾ, ਸੰਜੇ ਯਾਦਵ ਉਰਫ਼ ਸੰਜੀਵ ਪੁੱਤਰ ਕੋਮਲ ਯਾਦਵ ਵਾਸੀ ਢੰਡਿਆਲ ਰੋਡ ਸੁੰਦਰ ਬਸਤੀ ਜ਼ਿਲ੍ਹਾ ਪਟਿਆਲਾ ਅਤੇ ਨਰਿੰਦਰ ਸਿੰਘ ਉਰਫ਼ ਨਰਿੰਦਰ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਭਾਮੀਆਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੂੰ ਕਾਰੇਟਾ ਕਾਰ ਨੰ: ਐਚ.ਆਰ.06 ਜ਼ੈਡ-9009 ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 70 ਗ੍ਰਾਮ ਹੈਰੋਇਨ, 10.90 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ 21-61-85 ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਪਵਿੱਤਰ ਸਿੰਘ ਅਤੇ ਸੰਜੇ ਯਾਦਵ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਐਨ.ਡੀ.ਪੀ.ਐਸ. ਐਕਟ ਦੇ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗਿਰੋਹ ਦਾ ਮੁੱਖ ਸਰਗਨਾ ਅਮਰੀਕ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਸਰਹਿੰਦ ਰੋਡ ਪਟਿਆਲਾ, ਜੋ ਇਹ ਸਾਰਾ ਨਸ਼ਾ ਰੈਕੇਟ ਚਲਾ ਰਿਹਾ ਹੈ, ਦੇ ਖ਼ਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ 2 ਅਪ੍ਰੈਲ 2021 ਨੂੰ ਥਾਣਾ ਮਾਹਿਲਪੁਰ ’ਚ ਦਰਜ 8 ਕਿੱਲੋਗ੍ਰਾਮ ਹੈਰੋਇਨ ਦੇ ਮਾਮਲੇ ’ਚ ਪੁਲਿਸ ਨੂੰ ਲੋੜੀਂਦਾ ਹੈ।