ਚੰਡੀਗੜ੍ਹ, 30 ਸਤੰਬਰ – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਵਾਰਤਾ ਦੌਰਾਨ ਦੂਜੀ ਗਰੰਟੀ ਤਹਿਤ ਸਿਹਤ ਸੇਵਾਵਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ। ਕੇਜਰੀਵਾਲ ਵੱਲੋਂ ਕੀਤੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਪ੍ਰੈੱਸ ਵਾਰਤਾ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਕੇਜਰੀਵਾਲ ਉੱਪਰ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕੇਜਰੀਵਾਲ ਵੱਲੋਂ ਕੀਤੇ ਵਾਅਦਿਆ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਨਕਲ ਦੱਸਦਿਆ ਕਿਹਾ ਕਿ ਜੋ ਐਲਾਨ ਕੇਜਰੀਵਾਲ ਨੇ ਅੱਜ ਕੀਤੇ ਹਨ, ਉਹ ਘੋਸ਼ਣਾਵਾਂ ਅਕਾਲੀ ਦਲ ਵੱਲੋਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਹਨ।ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਅਨੁਸਾਰ ਦਿੱਲੀ ‘ਚ ਸਿਹਤ ਸਹੂਲਤਾਂ ਦਾ ਮਾੜਾ ਹਾਲ ਹੈ ਜਦਕਿ ਕੇਜਰੀਵਾਲ ਇੱਥੇ ਆ ਕੇ ਗਲਤ ਦਾਅਵੇ ਕਰ ਰਹੇ ਹਨ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ‘ਚ ਕੋਈ ਲੀਡਰ ਨਹੀਂ ਹੈ, ਇਸੇ ਕਰਕੇ ਕੇਜਰੀਵਾਲ ਵਾਰ ਵਾਰ ਪੰਜਾਬ ਆ ਕੇ ਗਰੰਟੀਆਂ ਦੇ ਰਹੇ ਹਨ।