ਪਾਂਸ਼ਟਾ, 4 ਅਕਤੂਬਰ (ਰਜਿੰਦਰ) – ਪੰਜਾਬ ਦੀਆਂ ਦਾਣਾ ਮੰਡੀਆਂ ‘ਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਲੈ ਕੇ ਨਵਰੰਗ ਟੀ.ਵੀ ਦੀ ਟੀਮ ਨੇ ਜਦੋਂ ਤਹਿਸੀਲ ਫਗਵਾੜਾ ਅਧੀਨ ਆਉਂਦੇ ਪਿੰਡ ਪਾਂਸ਼ਟਾ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਮੰਡੀ ‘ਚ ਪੀਣ ਵਾਲੇ ਪਾਣੀ ਅਤੇ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਬਾਥਰੂਮਾਂ ਦੀ ਹਾਲਤ ਵੀ ਕਾਫੀ ਖਸਤਾ ਸੀ ਜਦਕਿ ਮੰਡੀ ਨੂੰ ਜਾਣ ਵਾਲੇ 2 ਰਸਤਿਆਂ ‘ਚੋ ਇੱਕ ਉੱਪਰ ਪਾਣੀ ਖੜਾ ਸੀ।ਮੰਡੀ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਮੰਡੀ ‘ਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀ ਹੈ ਤੇ ਜੋ ਬਾਥਰੂਮ ਬਣੇ ਹੋਏ ਹਨ ਉਨ੍ਹਾਂ ‘ਚ ਨਾ ਤਾਂ ਟੂਟੀਆਂ ਹਨ ਤੇ ਨਾ ਹੀ ਪਾਣੀ। ਟਾਈਲਟ ਲਈ ਉਨ੍ਹਾਂ ਨੂੰ ਚੋਅ ਵੱਲ ਅੱਧਾ ਕਿੱਲੋਮੀਟਰ ਰਸਤਾ ਤੈਅ ਕਰਕੇ ਜਾਣਾ ਪੈਂਦਾ ਹੈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਡੀ ‘ਚ ਲਈਟਾਂ ਅਤੇ ਬਾਥਰੂਮਾਂ ਦੀ ਹਾਲਤ ਦਰੁਸਤ ਕਰਨ ਦੀ ਮੰਗ ਕੀਤੀ।ਇਸ ਨੂੰ ਲੈ ਕੇ ਜਦੋਂ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ਼ ਨਾਲ ਫੋਨ ਉੱਪਰ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਝੋਨੇ ਦੇ ਖਰੀਦ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਜੇ ਕਿਸਾਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ। ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ।