ਫਗਵਾੜਾ – P A D B ਦੇ ਡਾਇਰੈਕਟਰ ਦੀ ਚੋਣ ਕਰਵਾਉਣ ਲਈ ਨਹੀਂ ਪਹੁੰਚੀ ਟੀਮ, ਅਕਾਲੀ ਦਲ ਵੱਲੋਂ ਪ੍ਰਦਰਸ਼ਨ

ਫਗਵਾੜਾ, 7 ਅਕਤੂਬਰ (ਰਮਨਦੀਪ) – ਕਿਸਾਨਾਂ ਨੂੰ ਸਸਤਾ ਲੋਨ ਮੁਹੱਈਆ ਕਰਵਾਉਣ ਵਾਲੀ ਪੰਜਾਬ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਸਰਾਏ ਰੋਡ ਨਜ਼ਦੀਕ ਬਸ ਸਟੈਂਡ ਫਗਵਾੜਾ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੈਂਕ ਦੇ ਡਾਇਰੈਕਟਰ ਦੀ ਹੋਣ ਵਾਲੀ ਚੋਣ ਨੂੰ ਲੈ ਕੇ ਚੋਣ ਕਰਵਾਉਣ ਵਾਲੀ ਟੀਮ ਸਮੇਂ ਮੁਤਾਬਿਕ ਬੈਂਕ ਵਿੱਚ ਨਹੀ ਪਹੁੰਚੀ। ਜਿਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਨੇਤਾ ਜਰਨੈਲ ਸਿੰਘ ਵਾਹਦ ਅਤੇ ਸਰਵਨ ਸਿੰਘ ਕੁਲਾਰ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੋਕੇ ‘ਤੇ ਜਰਨੈਲ ਸਿੰਘ ਵਾਹਦ ਅਤੇ ਸਰਵਨ ਸਿੰਘ ਕੁਲਾਰ ਨੇ ਪੰਜਾਬ ਸਰਕਾਰ ਉੱਪਰ ਦੋਸ਼ ਲਗਾਉਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਇਹ ਚੋਣ ਨਹੀ ਕਰਵਾਉਣਾ ਚਾਹੁੰਦੀ। ਕਿਉਂ ਕਿ ਫਗਵਾੜਾ ਤੋ ਮੌਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਕੋਲ ਕੋਈ ਵੀ ਉਮੀਦਵਾਰ ਨਹੀ ਹੈ। ਉਨਾਂ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦੀ ਹਮਾਇਤੀ ਦੱਸਣ ਵਾਲੀ ਕਾਂਗਰਸ ਸਰਕਾਰ ਆਪਣੀ ਹਾਰ ਨੂੰ ਦੇਖਦੇ ਹੋਏ ਜਾਣਬੁੱਝ ਕੇ ਇਹ ਚੋਣ ਨਹੀ ਕਰਵਾਉਣਾ ਚਹੁੰਦੀ।ਉਧਰ ਸੀਨੀਅਰ ਅਕਾਲੀ ਆਗੂ ਜਤਿੰਦਰ ਪਾਲ ਸਿੰਘ ਪਲਾਹੀ ਅਤੇ ਬੈਂਕ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਭੁੱਲਾਰਾਈ ਨੇ ਕਿਹਾ ਕਿ ਡਾਇਰੈਕਟਰ ਦੀ ਚੋਣ ਨੂੰ ਲੈ ਕੇ ਉਨਾਂ ਦੇ ਉਮੀਦਵਾਰ ਪੂਰੀ ਤਰਾਂ ਤਿਆਰ ਸਨ ਪਰ ਚੋਣ ਕਰਵਾਉਣ ਵਾਲਾ ਅਮਲਾ ਸਮੇਂ ਸਿਰ ਨਾ ਆਉਣਾ ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਚਾਲ ਹੈ ਜਿਸ ਨੂੰ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀ ਕਰੇਗਾ। ਉਨਾਂ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਉਕਤ ਚੋਣ ਜਲਦ ਤੋਂ ਜਲਦ ਕਰਵਾਈ ਜਾਵੇ।ਓਧਰ ਜਦੋਂ ਇਸ ਬਾਬਤ ਬੈਂਕ ਦੇ ਮੈਨੇਜਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਕੁੱਝ ਵੀ ਨਹੀ ਕਹਿਣਾ ਚਾਹੁੰਦੇ। ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਐੱਸ.ਡੀ.ਐੱਮ ਫਗਵਾੜਾ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਹ ਇਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਪੂਰੀ ਜਾਣਕਾਰੀ ਹਾਸਲ ਕਰਨਗੇ।

Leave a Reply

Your email address will not be published. Required fields are marked *