ਹੁਸ਼ਿਆਰਪੁਰ, 9 ਅਕਤੂਬਰ – ਹੁਸ਼ਿਆਰਪੁਰ ਵਿੱਚ ਅੱਜ ਕਿਸਾਨਾਂ ਵੱਲੋਂ ਫਿਰ ਤੋਂ ਪੁਰਹੀਰਾਂ ਫਗਵਾੜਾ ਬਾਈਪਾਸ ਜਾਮ ਕੀਤਾ ਗਿਆ । ਇਸ ਸੰਬੰਧੀ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨਾਂ ਦਾ ਕਹਿਣਾ ਸੀ ਕਿ ਕੱਲ੍ਹ ਉਨ੍ਹਾਂ ਵੱਲੋਂ ਮਰਨਾਈਆਂ ਵਿਖੇ ਜਾਮ ਕੀਤਾ ਗਿਆ ਸੀ ਜਿਸ ਤੋਂ ਬਾਅਦ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਅੱਜ ਤੋਂ ਉਨ੍ਹਾਂ ਨੂੰ ਪੂਰਾ ਟਾਈਮ ਬਿਜਲੀ ਮਿਲੇਗੀ ਪਰ ਫਿਰ ਤੋਂ ਬਿਜਲੀ ਦਾ ਉਹੀ ਹਾਲਾਤ ਰਹਿਣ ਕਾਰਨ ਮਜਬੂਰਨ ਅੱਜ ਉਨ੍ਹਾਂ ਨੂੰ ਦੁਬਾਰਾ ਤੋਂ ਫਗਵਾੜਾ ਬਾਈਪਾਸ ਜਾਮ ਕਰਨਾ ਪਿਆ ਹੈ।ਉਨ੍ਹਾਂ ਕਿਹਾ ਕਿ ਇਕ ਤਾਂ ਹੋਈ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਹਨ। ਦੂਜੇ ਪਾਸੇ ਬਿਜਲੀ ਵਿਭਾਗ ਵੱਲੋਂ ਪੂਰੇ ਦਿਨ ਵਿੱਚ ਸਿਰਫ਼ ਇਕ ਘੰਟਾ ਹੀ ਬਿਜਲੀ ਦਿੱਤੀ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਦੀ ਫਸਲ ਦੇ ਨਾਲ ਨਾਲ ਉਨ੍ਹਾਂ ਦਾ ਖੁਦ ਦਾ ਟਾਇਮ ਵੀ ਬਹੁਤ ਖ਼ਰਾਬ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਪੂਰੇ ਦਿਨ ਵਿਚ ਛੇ ਘੰਟੇ ਬਿਜਲੀ ਨਹੀਂ ਦਿੱਤੀ ਜਾਂਦੀ ਉਨੀ ਦੇਰ ਉਨ੍ਹਾਂ ਵੱਲੋਂ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ ਕਿਸਾਨਾਂ ਵੱਲੋਂ ਪੁਰਹੀਰਾਂ ਫਗਵਾੜਾ ਬਾਈਪਾਸ ‘ਤੇ ਲਾਏ ਜਾਮ ਕਾਰਨ ਫਗਵਾੜਾ ਅਤੇ ਚੰਡੀਗੜ੍ਹ ਨੂੰ ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ।