ਚੰਡੀਗੜ੍ਹ, 11 ਅਕਤੂਬਰ – ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੇ ਪੱਤਰਕਾਰ ਵਾਰਤਾ ਦੌਰਾਨ ‘ਮੇਰਾ ਘਰ ਮੇਰੇ ਨਾਂਅ ਸਕੀਮ’ ਦਾ ਐਲਾਨ ਕੀਤਾ।ਇਸ ਦੇ ਤਹਿਤ ਲਾਲ ਲਾਈਨ ਦੇ ਅੰਦਰ ਆਉਣ ਵਾਲਿਆਂ ਨੂੰ ਮਾਲਕਾਨਾ ਹੱਕ ਦਿੱਤਾ ਜਾਵੇਗਾ, ਜਿਸ ਦੇ ਨਕਸ਼ੇ ਡਰੋਨ ਰਾਹੀ ਤਿਆਰ ਕੀਤੇ ਜਾਣਗੇ। ਜੇ ਕਿਸੇ ਨੂੰ ਇਤਰਾਜ਼ ਹੋਵੇਗਾ ਤਾਂ ਉਹ 15 ਦਿਨਾਂ ‘ਚ ਇਤਰਾਜ਼ ਦੇ ਸਕਦਾ ਹੈ।ਉਨ੍ਹਾਂ ਕਿਹਾ ਕਿ ਰਜਿਸਟਰੀ ਲਈ ਕੋਈ ਖਰਚਾ ਨਹੀ ਹੋਵੇਗਾ। ਪਹਿਲਾ ਇਹ ਸਕੀਮ ਸਿਰਫ ਪਿੰਡਾਂ ਤੱਕ ਸੀਮਤ ਸੀ ਤੇ ਹੁਣ ਸ਼ਹਿਰਾਂ ‘ਚ ਵੀ ਇਹ ਸਕੀਮ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਐਨ.ਆਰ.ਆਈ ਦੀ ਸੰਪੱਤੀ ਦੀ ਸੁਰੱਖਿਆ ਲਈ ਕਾਨੂੰਨ ਲਿਆਂਦਾ ਜਾਵੇਗਾ।ਬਿਜਲੀ ‘ਤੇ ਸਪਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਦੇ 2 ਕਿੱਲੋ ਵਾਟ ਤੱਕ ਦੇ ਸਾਰੇ ਬਕਾਏ ਸਾਰਿਆਂ ਦੇ ਮਾਫ ਹੋਣਗੇ। ਇਸ ਦਾ ਲਾਭ 52 ਲੱਖ ਪਰਿਵਾਰਾਂ ਨੂੰ ਮਿਲੇਗਾ ਤੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਲਦ ਜਾਰੀ ਹੋਵੇਗਾ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਲੇ ਦੀ ਕਮੀ ਨੂੰ ਲੈ ਕੇ ਉਨ੍ਹਾਂ ਕੋਲ ਮੰਤਰੀ ਨੂੰ ਚਿੱਠੀ ਲਿਖੀ ਹੈ, ਪੰਜਾਬ ‘ਚ ਬਿਜਲੀ ਕੱਟ ਨਹੀਂ ਲੱਗਣਗੇ।