ਚੰਡੀਗੜ੍ਹ, 11 ਸਤੰਬਰ – ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਹਿੰਦੂਆਂ ਦੇ ਤਿਉਹਾਰਾਂ ਵੇਲੇ ਹੀ ਕਿਉਂ ਵਿਰੋਧ ਹੁੰਦੇ ਹਨ?ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਿੰਦੂਆਂ ਦੇ ਤਿਉਹਾਰ ਵੇਲੇ ਜਾਣਬੁੱਝ ਕੇ ਵਿਰੋਧ ਹੁੰਦੇ ਹਨ ਤੇ ਹਿੰਦੂਆਂ ਦੇ ਤਿਉਹਾਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।ਪਿਛਲੇ ਇੱਕ ਸਾਲ ਤੋਂ ਹਿੰਦੂਆਂ ਦੇ ਤਿਉਹਾਰਾਂ ‘ਚ ਖਲਲ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਜੋ ਕਿ ਮੰਦਭਾਗਾ ਹੈ।ਕਿਸਾਨਾਂ ਦੁਆਰਾ ਦੁਸਹਿਰੇ ‘ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਣਾ ਹਿੰਦੂ ਧਰਮ ਦੀ ਬੇਅਦਬੀ ਹੈ।ਦੁਸਹਿਰਾ ਹਿੰਦੂਆ ਦਾ ਪਾਵਨ ਤਿਉਹਾਰ ਹੈ ਤੇ ਦੁਸਹਿਰੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਦੁਸਹਿਰੇ ‘ਤੇ ਪੂਰੇ ਰੀਤਿ ਰਿਵਾਜ਼ਾਂ ਨਾਲ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੇਰੀ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਨੂੰ ਅਪੀਲ ਹੈ ਕਿ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਦੁਸਹਿਰੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ।