ਚੰਡੀਗੜ੍ਹ, 13 ਅਕਤੂਬਰ – ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ, ਪੱਛਮੀ ਬੰਗਾਲ ਅਤੇ ਅਸਮ ‘ਚ ਬੀ.ਐੱਸ.ਐਫ ਦਾ ਖੇਤਰ ਅਧਿਕਾਰ ਵਧਾ ਦਿੱਤਾ ਹੈ।ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਹੀ ਪੰਜਾਬ ਸਰਕਾਰ ਉੱਪਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅੱਧੇ ਪੰਜਾਬ ਨੂੰ ਬੀ.ਐੱਸ.ਐਫ ਹਵਾਲੇ ਕਰ ਦਿੱਤਾ ਗਿਆ ਹੈ, ਕਿਉਕਿ ਪੰਜਾਬ ਦੇ 50000 ਵਰਗ ਕਿੱਲੋਮੀਟਰ ਹਿੱਸੇ ਵਿੱਚੋਂ 25000 ਵਰਗ ਕਿੱਲੋਮੀਟਰ ਹਿੱਸਾ ਬੀ.ਐੱਸ.ਐਫ ਹਵਾਲੇ ਕਰ ਦਿੱਤਾ ਗਿਆ ਹੈ। ਇਸ ਨਾਲ ਪੰਜਾਬ ਪੁਲਿਸ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਸਵਾਲ ਕੀਤਾ ਕਿ ਅਸੀਂ ਹੋਰ ਕਿੰਨੀ ਖੁਦਮੁਖਤਿਆਰੀ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੀ ਖਬਰ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਦੇ ਸਰਹੱਦੀ ਸੂਬਾ ਹੋਣ ਕਰਕੇ ਉਨ੍ਹਾਂ ਨੇ ਕੇਂਦਰ ਨੂੰ ਪੰਜਾਬ ਦੀਆਂ ਸਰਹੱਦਾਂ ਸੀਲ ਕਰਨ ਦੀ ਅਪੀਲ ਕੀਤੀ ਹੈ।