ਫਗਵਾੜਾ, 14 ਅਕਤੂਬਰ (ਰਮਨਦੀਪ) – ਲਖੀਮਪੁਰ ਖੀਰੀ ਘਟਨਾ ਨੂੰ ਹਲਕਾ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਦੇ ਨਿਰਦੇਸ਼ ‘ਤੇ ਯੂਥ ਕਾਂਗਰਸ ਫਗਵਾੜਾ ਵੱਲੋਂ ਪ੍ਰਧਾਨ ਕਰਮਦੀਪ ਕੰਮਾ ਦੀ ਅਗਵਾਈ ਵਿਚ ਫਗਵਾੜਾ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ ਜਿਸ ਵਿਚ ਵਿਧਾਇਕ ਧਾਲੀਵਾਲ ਵੀ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਸਮੂਹ ਵਰਕਰ ਰੈਸਟ ਹਾਊਸ ਫਗਵਾੜਾ ਇਕੱਠੇ ਹੋਏ ਜਿੱਥੋਂ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਉਸ ਦੇ ਬੇਟੇ ਆਸ਼ੀਸ਼ ਮਿਸ਼ਰਾ ਦੇ ਪੁਤਲੇ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਗੋਲ ਚੌਂਕ ਪਹੁੰਚੇ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਲਖੀਮਪੁਰ ਖੀਰੀ ਘਟਨਾ ਵਿਚ 4-5 ਕਿਸਾਨ ਸ਼ਹੀਦ ਹੋਏ ਹਨ ਪਰੰਤੂ ਸਰਕਾਰ ਅਜੇ ਮਿਸ਼ਰਾ ਅਤੇ ਆਸ਼ੀਸ਼ ਮਿਸ਼ਰਾ ਉੱਪਰ ਦਿਆਲੂ ਹੈ ਜੋ ਕਿ ਉਨ੍ਹਾਂ ਨੂੰ ਸਜ਼ਾ ਦੇਣ ਤੋਂ ਬਚ ਰਹੀ ਹੈ।ਲਖੀਮਪੁਰ ਖੀਰੀ ਘਟਨਾ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਦੋਵਾਂ ਨੂੰ ਸਜ਼ਾ ਦਿੱਤੀ ਜਾਵੇ।ਗੋਲ ਚੌਂਕ ਵਿਖੇ ਸਮੂਹ ਵਰਕਰਾਂ ਵੱਲੋਂ ਕੇਂਦਰ ਸਰਕਾਰ, ਯੂ.ਪੀ ਸਰਕਾਰ ਅਤੇ ਭਾਜਪਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆ ਤਿੰਨੋਂ ਪੁਤਲਿਆਂ ਨੂੰ ਸੰਗਲੀ ਪਾ ਕੇ ਘਸੀਟਦੇ ਹੋਏ ਫਾਂਸੀ ‘ਤੇ ਲਟਕਾਉਣ ਤੋਂ ਬਾਅਦ ਸਾੜਿਆ ਗਿਆ।ਕਰਮਦੀਪ ਕੰਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਹਾਲਾਤ ਅਫਗਾਨਿਸਤਾਨ ਤੋਂ ਵੀ ਭੈੜੇ ਕਰ ਰਹੀ ਹੈ।ਉੁਨ੍ਹਾਂ ਸਮੂਹ ਕਾਂਗਰਸੀ ਵਰਕਰਾਂ, ਮਹਿਲਾ ਵਰਕਰਾਂ ਅਤੇ ਯੂਥ ਵਰਕਰਾਂ ਦਾ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ‘ਤੇ ਧੰਨਵਾਦ ਕਰਦਿਆ ਸਰਕਾਰ ਪਾਸੋਂ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰਨ ਅਤੇ ਉਸ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।