ਹੁਸ਼ਿਆਰਪੁਰ, 23 ਅਕਤੂਬਰ – ਸੰਯੁਕਤ ਕਿਸਾਨ ਮੋਰਚੇ ਵਲੋਂ ਬੀਤੇ ਦਿਨੀਂ ਲਖੀਮਪੁਰ ਖੀਰੀ ਚ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਦੀਆਂ ਅਸਥੀਆਂ ਦੀ ਸ਼ੁਰੂ ਕੀਤੀ ਗਈ ਕਲਸ਼ ਯਾਤਰਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਚੋਂ ਹੁੰਦੀ ਹੋਈ ਅੱਜ ਹੁਸਿ਼ਆਰਪੁਰ ਪਹੁੰਚੀ ਜਿੱਥੇ ਸ਼ਹੀਦਾਂ ਦੀਆਂ ਅਸਥੀਆਂ ‘ਤੇ ਫੁੱਲਾਂ ਦੀ ਵਰਖਾ ਕਰਦਿਆਂ ਹੋਇਆਂ ਕਿਸਾਨੀ ਦੇ ਹੱਕ ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮਨਜੀਤ ਸਿੰਘ ਰਾਏ ਅਤੇ ਜੰਗਵੀਰ ਸਿੰਘ ਚੌਹਾਨ ਸਮੇਤ ਵੱਡੀ ਗਿਣਤੀ ‘ਚ ਕਿਸਾਨ ਅਤੇ ਗੱਡੀਆਂ ਦਾ ਕਾਫਲਾ ਮੌਜੂਦ ਸੀ। ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਚ ਭਾਜਪਾ ਵਲੋਂ ਕਿਸਾਨਾਂ ‘ਤੇ ਤਸ਼ੱਦਦ ਕਰਦਿਆਂ ਕਿਸਾਨਾ ਅਤੇ ਇਕ ਪੱਤਰਕਾਰ ਨੂੰ ਗੱਡੀ ਹੇਠਾਂ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਸ਼ਹੀਦ ਕਿਸਾਨਾਂ ਨੂੰ ਇਨਸਾਫ ਦੁਆਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਦੀ ਕਲਸ਼ ਯਾਤਰਾ ਕੱਢੀ ਜਾ ਰਹੀ ਹੈ। ਜੋ ਕਿ ਅੱਜ ਹੁਸਿ਼ਆਰਪੁਰ ਜਿ਼ਲ੍ਹੇ ਅਤੇ ਜਲੰਧਰ ਹੋ ਹੁੰਦੀ ਹੋਈ ਫਗਵਾੜਾ ਜਾ ਕੇ ਸਮਾਪਤ ਹੋਵੇਗੀ ਤੇ ਕੱਲ੍ਹ ਇਹ ਯਾਤਰਾ ਫਗਵਾੜਾ ਤੋਂ ਅੱਗੇ ਵਧੇਗੀ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੋਰ ਜਿ਼ਆਦਾ ਦੇਰੀ ਨਹੀਂ ਕਰਨੀ ਚਾਹੀਦੀ ਤੇ ਇਹ ਕਾਲੇ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਆਪਣੇ ਘਰ ਵਾਪਿਸ ਭੇਜਣਾ ਚਾਹੀਦਾ ਹੈ। ਜਦੋਂ ਤੱਕ ਭਾਜਪਾ ਆਪਣਾ ਹੈਂਕੜ ਰਵੱਈਆ ਤਿਆਗ ਕੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।