ਦਸੂਹਾ, 1 ਨਵੰਬਰ – ਜੰਮੂ ਕਸ਼ਮੀਰ ਦੇ ਰਾਜ਼ੌਰੀ ਜ਼ਿਲ੍ਹੇ ‘ਚ ਪੈਂਦੇ ਨੌਸ਼ਹਿਰਾ ਸੈਕਟਰ ਵਿਖੇ ਸ਼ਨੀਵਾਰ ਨੂੰ ਗਸ਼ਤ ਦੌਰਾਨ ਬਾਰੂਦੀ ਸੁਰੰਗ ਵਿਚ ਹੋਏ ਧਮਾਕੇ ਕਾਰਨ ਹੁਸਿ਼ਆਰਪੁਰ ਦੇ ਹਲਕਾ ਦਸੂਹਾ ਅਧੀਨ ਆਉਂਦੇ ਪਿੰਡ ਖੇੜਾ ਕੋਟਲੀ ਦਾ ਰਹਿਣ ਵਾਲਾ ਭਾਰਤੀ ਫੌਜ਼ ਦਾ ਜਵਾਨ 25 ਸਾਲਾ ਮਨਜੀਤ ਸਿੰਘ ਸਾਬੀ ਸ਼ਹੀਦ ਹੋ ਗਿਆ ਸੀ।ਸ਼ਹੀਦ ਮਨਜੀਤ ਸਿੰਘ ਦਾ ਅੰਤਿਮ ਸਸਕਾਰ ਅੱਜ ਉਸਦੇ ਜੱਦੀ ਪਿੰਡ ਖੇੜਾ ਕੋਟਲੀ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।ਅੱਜ ਸਵੇਰੇ ਕਰੀਬ 11 ਵਜੇ ਜਿਵੇਂ ਹੀ ਸ਼ਹੀਦ ਮਨਜੀਤ ਸਿੰਘ ਸਾਬੀ ਦੀ ਮ੍ਰਿਤਕ ਦੇਹ ਪਿੰਡ ‘ਚ ਪਹੁੰਚੀ ਤਾਂ ਹਰ ਇਕ ਪਿੰਡ ਵਾਸੀ ਦੀਆਂ ਅੱਖਾਂ ਨਮ ਹੋ ਗਈਆਂ ।ਹਰ ਇਕ ਦੀ ਅੱਖ ਚੋਂ ਹੰਝੂ ਵਹਿ ਰਹੇ ਸਨ ਤੇ ਪੂਰਾ ਅਸਮਾਨ ਸ਼ਹੀਦ ਮਨਜੀਤ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜ ਉਠਿਆ। ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਸ਼ਹੀਦ ਮਨਜੀਤ ਸਿੰਘ ਕਰੀਬ 5 ਸਾਲ ਪਹਿਲਾਂ ਹੀ ਭਾਰਤੀ ਫੌਜ ‘ਚ ਭਰਤੀ ਹੋਇਆ ਸੀ ਤੇ ਦਿਵਾਲੀ ਤੋਂ ਇਕ ਦਿਨ ਪਹਿਲਾਂ ਹੀ ਉਸ ਨੇ ਛੁੱਟੀ ਲੈ ਕੇ ਘਰ ਆਉਣਾ ਸੀ। ਸ਼ਹੀਦ ਮਨਜੀਤ ਸਿੰਘ ਸਾਬੀ ਦੀ ਮੰਗਣੀ ਹੋ ਚੁੱਕੀ ਸੀ ਤੇ ਕੁਝ ਸਮੇਂ ਤੱਕ ਉਸਦੇ ਵਿਆਹ ਦੀ ਤਾਰੀਕ ਤੈਅ ਕੀਤੀ ਜਾਣੀ ਸੀ । ਸ਼ਹੀਦ ਮਨਜੀਤ ਸਿੰਘ 4 ਭੈਣਾਂ ਅਤੇ 2 ਭਰਾਂਵਾਂ ਤੋਂ ਛੋਟਾ ਸੀ ਤੇ ਘਰ ‘ਚ ਬਜ਼ੁਰਗ ਮਾਂ ਬਾਪ ਨੇ। ਇਸ ਮੌਕੇ ਹਲਕਾ ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਐਸ.ਐਸ.ਪੀ ਕੁਲਵੰਤ ਸਿੰਘ ਹੀਰ ਸਮੇਤ ਫੌਜ ਤੇ ਅਧਿਕਾਰੀ ਵੀ ਮੌਜੂਦ ਸਨ।ਸ਼ਹੀਦ ਮਨਜੀਤ ਸਿੰਘ ਦੀ ਸ਼ਹੀਦੀ ‘ਤੇ ਪੰਜਾਬ ਸਰਕਾਰ ਵਲੋਂ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਅਤੇ ਪਰਿਵਾਰ ਚੋਂ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ।