ਨਵੀਂ ਦਿੱਲੀ, 3 ਨਵੰਬਰ – ਦੇਸ਼ ਦੀਆਂ 3 ਲੋਕ ਸਭਾ ਸੀਟਾਂ ਅਤੇ 13 ਰਾਜਾਂ ਦੀਆਂ 29 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦੇ ਨਤੀਜੇ ਕੱਲ੍ਹ ਘੋਸ਼ਿਤ ਕੀਤੇ ਗਏ। ਇਨ੍ਹਾਂ ਨਤੀਜਿਆਂ ਵਿਚ ਹਿਮਾਚਲ ਪ੍ਰਦੇਸ਼ ਦੀਆਂ 3 ਵਿਧਾਨ ਸਭਾ ਸੀਟਾਂ ਅਤੇ ਇੱਕ ਲੋਕ ਸਭਾ ਸੀਟ ‘ਤੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਉੱਪਰ ਬੋਲਦਿਆ ਕੇਂਦਰੀ ਮੰਤਰੀ ਅਤੇ ਹਿਮਾਚਲ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਨਤੀਜਿਆ ਨੂੰ ਲੈ ਕੇ ਭਾਜਪਾ ਸਮੇਂ ‘ਤੇ ਮੀਟਿੰਗ ਬੁਲਾਵੇਗੀ, ਲੋਕਾਂ ਦੇ ਫਤਵੇ ਉੱਪਰ ਚਰਚਾ ਕੀਤੀ ਜਾਵੇਗੀ ਅਤੇ ਭਾਜਪਾ ਦੀ ਹਾਰ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।ਇਸ ਹਾਰ ਤੋਂ ਸਿੱਖਿਆ ਲੈਂਦੇ ਹੋਏ ਜ਼ਰੂਰੀ ਸੁਧਾਰ ਕਰਨ ਲਈ ਕਦਮ ਉਠਾਏ ਜਾਣਗੇ, ਤਾਂ ਜੋ 2022 ਵਿਚ ਦੁਬਾਰਾ ਕਮਲ ਖਿੜ ਸਕੇ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜੇ ਕੁੱਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ, ਦੇਸ਼ ਦੇ ਵੱਖ ਵੱਖ ਰਾਜ਼ਾਂ ‘ਚ ਜ਼ਿਮਨੀ ਚੋਣ ਦੇ ਨਤੀਜੇ ਆਏ ਹਨ। ਭਾਜਪਾ ਨੇ ਅਸਮ ‘ਚ ਸਾਰੀਆਂ 5 ਸੀਟਾਂ ਜਿੱਤੀਆਂ, ਅਸੀਂ ਮੱਧ ਪ੍ਰਦੇਸ਼ ‘ਚ ਵੀ ਜਿੱਤੇ, ਕਰਨਾਟਕ ‘ਚ ਵੀ 2 ਚੋਂ 1 ਸੀਟ ਜਿੱਤੇ। ਜ਼ਿਮਨੀ ਚੋਣਾਂ ਲਈ ਹਰ ਰਾਜ ਦੇ ਆਪਣੇ ਸਥਾਨਕ ਮੁੱਦੇ ਹੁੰਦੇ ਹਨ। ਹਰ ਰਾਜਨੀਤਿਕ ਪਾਰਟੀ ਮੰਥਨ ਕਰਦੀ ਹੈ, ਅਸੀਂ ਵੀ ਕਰਾਂਗੇ।