ਚੰਡੀਗੜ੍ਹ, 5 ਨਵੰਬਰ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਿਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪੁਰਾਣਾ ਮੁੱਖ ਮੰਤਰੀ ਦੋ ਮੁੱਦਿਆਂ (ਬੇਅਦਬੀ ਅਤੇ ਡਰੱਗ ਰੈਕੇਟ) ਨੂੰ ਲੈ ਕੇ ਲਾਹਿਆ ਗਿਆ ਸੀ। ਡੀ.ਜੀ.ਪੀ ਤੇ ਏ.ਜੀ ਦੀ ਨਿਯੁਕਤੀ ਉੱਪਰ ਸਵਾਲ ਚੁੱਕਦੇ ਹੋਏ ਉਨ੍ਹਾਂ ਕਿਹਾ ਕਿ ਡੀ.ਜੀ.ਪੀ ਤੇ ਏ.ਜੀ ਦੇ ਹਟਣ ‘ਤੇ ਵਰਕਰਾਂ ‘ਚ ਮਾਯੂਸੀ ਹਟੇਗੀ। ਜਿਸ ਦਿਨ ਨਵਾਂ ਏ.ਜੀ ਲਗਾਇਆ ਗਿਆ ਉਸ ਦਿਨ ਮੈਂ ਆਪਣਾ ਚਾਰਜ ਸੰਭਾਲਾਂਗਾ।ਇਸ ਦੇ ਨਾਲ ਹੀ ਆਪਣੀ ਸਰਕਾਰ ਉੱਪਰ ਸਵਾਲ ਚੁੱਕਦੇ ਹੋਏ ਉਨ੍ਹਾਂ ਪੁੱਛਿਆ ਕਿ ਪਿਛਲੇ 90 ਦਿਨਾਂ ਦੀ ਸਰਕਾਰ ‘ਚ ਕੀ ਚੱਲ ਰਿਹਾ ਹੈ? ਬੇਅਦਬੀ ਅਤੇ ਨਸ਼ਿਆਂ ਦੇ ਮੁੱਦਿਆ ‘ਤੇ ਕੀ ਕੀਤਾ ਗਿਆ? ਜਦ ਅਸੀਂ ਪਿੰਡਾਂ ‘ਚ ਜਾਵਾਂਗੇ ਤਾਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ। ਉਨ੍ਹਾਂ ਕਿਹਾ ਕਿ ਐੱਸ.ਟੀ.ਐਫ ਰਿਪੋਰਟ ਜਨਤਕ ਕਰਨ ਤੋਂ ਡਰ ਲੱਗਦਾ ਹੈ ਤਾਂ ਐੱਸ.ਟੀ.ਐਫ ਰਿਪੋਰਟ ਪਾਰਟੀ ਨੂੰ ਦੇ ਦਿੱਤੀ ਜਾਵੇ ਅਸੀਂ ਜਨਤਕ ਕਰ ਦੇਵਾਂਗੇ। ਬੇਅਦਬੀ ਮੁੱਦਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।