ਲੁਧਿਆਣਾ, 5 ਨਵੰਬਰ – 1984 ਸਿੱਖ ਨਸਲਕੁਸ਼ੀ ਨੂੰ ਲੈ ਕੇ ਦਿੱਲੀ ਵਿਖੇ ਕਤਲ ਕੀਤੇ ਸਿੱਖਾਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਪਾਠ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਚੇਚੇ ਤੌਰ ‘ਤੇ ਲੁਧਿਆਣਾ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ 1984 ਸਿੱਖ ਕਤਲੇਆਮ ਨੂੰ ਲੈ ਕੇ ਲੋਕਾਂ ਨੂੰ ਕਾਂਗਰਸ ਨੂੰ ਨਕਾਰਨਾ ਚਾਹੀਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਆਉਂਦਿਆਂ ਹੀ ਪੀੜਤ ਪਰਿਵਾਰਾਂ ਦੇ ਮਸਲੇ ਹੱਲ ਕੀਤੇ ਜਾਣਗੇ।ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਉੱਪਰ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵੱਲੋਂ ਸਿਰਫ ਅਕਾਲੀਆਂ ਦੀਆਂ ਬੱਸਾਂ ‘ਤੇ ਹੀ ਐਕਸ਼ਨ ਕਿਉਂ ਲਿਆ ਜਾ ਰਿਹਾ ਹੈ।ਕਾਂਗਰਸੀਆਂ ਦੀਆਂ ਬੱਸਾਂ ਹੀ ਕਿਉਂ ਬੰਦ ਨਹੀਂ ਕੀਤੀਆਂ ਜਾ ਰਹੀਆਂ? ਉਨ੍ਹਾਂ ਕਿਹਾ ਕਿ ਕੇਂਦਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੀ ਪੈਟਰੋਲ-ਡੀਜ਼ਲ ‘ਤੇ 10-10 ਰੁਪਏ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਜਿੱਥੇ ਮਿਸਗਾਇਡਡ ਮਿਜ਼ਾਇਲ ਕਿਹਾ ਉੱਥੇ ਹੀ ਪ੍ਰਸ਼ਾਂਤ ਕਿਸ਼ੋਰ ਦੀ ਤਾਇਨਾਤੀ ‘ਤੇ ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਪਹਿਲਾਂ ਵੀ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਤੇ ਹੁਣ ਫਿਰ ਅਜਿਹਾ ਕੀਤਾ ਜਾ ਰਿਹਾ ਹੈ।