ਚੰਡੀਗੜ੍ਹ, 8 ਨਵੰਬਰ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਖੇ ਪੱਤਰਕਾਰ ਵਾਰਤਾ ਦੌਰਾਨ ਬੇਅਦਬੀ ਮਾਮਲੇ ਦੀ ਜਾਂਚ ਨੂੰ ਲੈ ਕੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ‘ਚ 3 ਐੱਸ.ਆਈ.ਟੀ ਬਣ ਚੁੱਕੀਆਂ ਹਨ।ਹਾਈਕੋਰਟ ਨੇ 6 ਮਹੀਨੇ ‘ਚ ਚਾਰਜਸ਼ੀਟ ਦਾਖਲ ਕਰਨ ਲਈ ਕਿਹਾ ਸੀ ਤੇ 6 ਮਹੀਨੇ ਹੋ ਗਏ ਜਾਂਚ ਕਿੱਥੇ ਹੈ? ਅਜੇ ਤੱਕ ਚਾਰਜਸ਼ੀਟ ਨਹੀਂ ਦਿੱਤੀ ਗਈ।ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਨਸ਼ਿਆਂ ‘ਤੇ ਐੱਸ.ਟੀ.ਐੱਫ ਰਿਪੋਰਟ ਦਿੱਤੀ ਹੋਈ ਹੈ ਤੇ ਪੰਜਾਬ ਸਰਕਾਰ ਇਸ ਨੂੰ ਕਿਉਂ ਨਹੀਂ ਖੋਲ੍ਹ ਰਹੀ ਤੇ ਕਿਉਂ ਨਹੀਂ ਜਨਤਕ ਕਰ ਰਹੀ, ਸਰਕਾਰ ਨੂੰ ਕਿਸਦਾ ਡਰ ਹੈ? ਏ.ਜੀ ਅਤੇ ਡੀ.ਜੀ.ਪੀ ਦੀ ਨਿਯੁਕਤੀ ਉੱਪਰ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਇੱਕ ਨੇ ਸੁਮੇਧ ਸੈਣੀ ਨੂੰ ਬਲੈਂਕੇਟ ਬੇਲ ਦਿਵਾਈ ਤੇ ਦੂਸਰੇ ਨੇ ਕਲੀਨ ਚਿੱਟ ਦਿਵਾਈ। ਇਸ ਲਈ ਸਵਾਲ ਤਕਨੀਕੀ ਤੌਰ ‘ਤੇ ਨਿਯੁਕਤੀ ਦਾ ਨਹੀਂ ਨੈਤਕਿਤਾ ਦਾ ਹੈ।ਆਪਣੀ ਸਰਕਾਰ ਨੂੰ ਉਨ੍ਹਾਂ ਦੋ ਟੁਕ ਕਿਹਾ ਕਿ ਸਰਕਾਰ ਜਾਂ ਤਾਂ ਸਮਝੌਤਾ ਕਰਨ ਵਾਲੇ ਅਫਸਰ ਚੁਣ ਲਵੇ ਜਾਂ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ।ਉਨ੍ਹਾਂ ਕਿਹਾ ਕਿ ਲਈ ਪੈਟਰੋਲ ਡੀਜ਼ਲ ਸਸਤੇ ਹੋਏ ਹਨ, ਜੋ ਕਿ ਚੰਗੀ ਗੱਲ ਹੈ, ਪਰ ਕੀ ਇਹ 5 ਸਾਲ ਸਸਤੇ ਰਹਿਣਗੇ? ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਬਹੁਤ ਅਹਿਮ ਹਨ, ਕਿਉਂਕਿ ਇਨ੍ਹਾਂ ਚੋਣਾਂ ‘ਚ ਸੁਧਾਰ ਹੋ ਜਾਵੇਗਾ ਜਾਂ ਫਿਰ ਪੰਜਾਬ ਰਹਿਣ ਯੋਗ ਨਹੀਂ ਰਹੇਗਾ।