ਸਮਰਾਲਾ, ()-ਅੱਜ ਇਥੇ ਸਵੇਰੇ ਕਰੀਬ 6 ਵਜੇ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਐਕਟਿਵ ਸਕੂਟਰੀ ਸਵਾਰ ਦੋ ਲੜਕੀਆਂ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਸਾਹਮਣੇ ਤੋਂ ਟੱਕਰ ਮਾਰਦੇ ਹੋਏ ਕੁਚਲ ਦਿੱਤਾ। ਇਸ ਹਾਦਸੇ ਵਿਚ 19 ਸਾਲਾ ਇਕ ਕੁੜੀ ਦੀ ਮੌਕੇ ਤੇ ਹੀ ਮੋਤ ਹੋ ਗਈ, ਜਦਕਿ ਦੂਜੀ ਕੁੜੀ ਦੀ ਹਾਲਤ ਕਾਫੀ ਸੀਰੀਅਸ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿਚ ਮਰਨ ਵਾਲੀ ਕੁੜੀ ਨਵਦੀਪ ਕੌਰ ਨੇੜਲੇ ਪਿੰਡ ਮਾਦਪੁਰ ਦੇ ਸਾਬਕਾ ਸਰਪੰਚ ਦੀ ਧੀ ਸੀ, ਅਤੇ ਕੁਝ ਦਿਨ ਬਾਅਦ ਉਹ ਕੈਨੇਡਾ ਜਾਣ ਵਾਲੀ ਸੀ।ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਮਰਾਲਾ ਦੇ ਲੁਧਿਆਣਾ ਰੋਡ ਤੇ ਕਮਲ ਪੈਟਰੋਲ ਪੰਪ ਅੱਗੇ ਇਕ ਪਾਸੇ ਦੀ ਸੜਕ ਪੱਟੀ ਹੋਣ ਕਾਰਨ ਵਾਪਰਿਆ ਹੈ ਅਤੇ ਸਮਰਾਲਾ ਤੋਂ ਲੁਧਿਆਣਾ ਜਾ ਰਹੀ ਬੱਸ ਸਾਹਮਣੇ ਤੋਂ ਟੱਕਰ ਮਾਰਦੀ ਹੋਈ ਇਹਨਾਂ ਸਕੂਟਰੀ ਸਵਾਰ ਕੁੜੀਆਂ ਤੇ ਜਾ ਚੜੀ।ਹਾਦਸੇ ਵਿਚ ਗੰਭੀਰ ਜ਼ਖਮੀ ਹੋਈ ਦੁਜੀ ਕੁੜੀ ਦੀ ਪਹਿਚਾਣ ਪਿੰਡ ਹੈੱਡੋਂ ਨਿਵਾਸੀ ਨਿਸ਼ਾ ਦੇ ਰੂਪ ਵਿਚ ਹੋਈ ਹੈ। ਹਾਦਸੇ ਵੇਲੇ ਇਹ ਦੋਵੇਂ ਸਹੇਲੀਆਂ ਬਿਊਟੀਸ਼ਨ ਦੀ ਕਲਾਸ ਲਗਾਨ ਲਈ ਸਮਰਾਲਾ ਜਾ ਰਹੀਆਂ ਸਨ।