ਚੰਡੀਗੜ੍ਹ, 13 ਨਵੰਬਰ – ਵਿਧਾਨ ਸਭਾ ਦੀ 5 ਮੈਂਬਰੀ ਕਮੇਟੀ ਨੇ 26 ਜਨਵਰੀ ਲਾਲ ਕਿਲ੍ਹਾ ਹਿੰਸਾ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕਮੇਟੀ ਵੱਲੋਂ ਰੱਖੀ ਗਈ ਰਿਪੋਰਟ ਵਿਚ ਹਿੰਸਾ ਲਈ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।ਰਿਪੋਰਟ ਅਨੁਸਾਰ ਦਿੱਲੀ ਪੁਲਿਸ ਵੱਲੋਂ 26 ਜਨਵਰੀ ਨੂੰ ਬੈਰੀਕੇਡ ਹਟਾ ਕੇ ਕਿਸਾਨਾਂ ਨੂੰ ਲਾਲ ਕਿਲ੍ਹਾ ਜਾਣ ਦਿੱਤਾ ਗਿਆ, ਜਦਕਿ ਨੌਜਵਾਨਾਂ ਨੂੰ ਵੀ ਬਿਨ੍ਹਾਂ ਕਿਸੇ ਰੋਕ ਟੋਕ ਜਾਣ ਦਿੱਤਾ ਗਿਆ।ਮਗਰੋਂ ਇਸ ਘਟਨਾ ਨੂੰ ਆਪਣੇ ਤਰੀਕੇ ਨਾਲ ਤੋੜ ਮਰੋੜ ਕੇ ਕੇ ਕਿਸਾਨਾਂ ਨੂੰ, ਸਿੱਖਾਂ ਨੂੰ ਅਤੇ ਕਿਸਾਨੀ ਘੋਲ ਨੂੰ ਬਦਨਾਮ ਕਰਨ ਲਈ ਵਰਤਿਆ ਗਿਆ। ਕਮੇਟੀ ਵੱਲੋਂ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਐੱਸ.ਆਈ.ਟੀ ਗਠਿਤ ਕਰਨ ਅਤੇ ਪੀੜਤਾਂ ਦਾ ਕੇਸ ਫ੍ਰੀ ਲੜਨ ਲਈ ਵਕੀਲਾਂ ਦਾ ਪੈਨਲ ਤਿਆਰ ਕਰਨ ਵਾਸਤੇ ਕਿਹਾ ਗਿਆ ਹੈ। ਨਾਲ ਹੀ ਕਿਹਾ ਗਿਆ ਹੈ ਕਿ ਜਾਂਚ ਵਿਚ ਦਿੱਲੀ ਪੁਲਿਸ ਦਾ ਵੀ ਸਹਿਯੋਗ ਲਿਆ ਜਾਵੇ। ਇਸ ਸਾਲ 30 ਮਾਰਚ ਨੂੰ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ ਹੇਠ ਗਠਿਤ ਕੀਤੀ ਇਸ ਕਮੇਟੀ ‘ਚ ਸਰਵਜੀਤ ਕੌਰ ਮਾਣੂਕੇ, ਫਤਹਿਜੰਗ ਸਿੰਘ ਬਾਜਵਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਕੁਲਬੀਰ ਜੀਰਾ ਸ਼ਾਮਲ ਹਨ।