ਜਲੰਧਰ, 15 ਨਵੰਬਰ – ਜਲੰਧਰ ਦੇ ਬੱਸ ਸਟੈਂਡ ਵਿਖੇ ਟੈਂਕੀ ‘ਤੇ ਚੜ੍ਹ ਕੇ ਅਧਿਆਪਕ ਮੁਨੀਸ਼ ਫ਼ਾਜ਼ਿਲਕਾ ਅਤੇ ਜਸਵੰਤ ਸਿੰਘ ਕਹਾਇਆ ਸਰਕਾਰ ਤੋਂ ਬੇਰੁਜ਼ਗਾਰ ਅਧਿਆਪਕਾਂ ਦੀਆਂ 9000 ਪੋਸਟਾਂ ਦੇ ਨੋਟੀਫਿਕੇਸ਼ਨ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਇਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ। ਕਈ ਵਾਰ ਇਨ੍ਹਾਂ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ ਪਰ ਫਿਰ ਵੀ ਇਨ੍ਹਾਂ ਨੂੰ ਅਸ਼ਵਾਸਨ ਹੀ ਦਿੱਤਾ ਜਾ ਰਿਹਾ ਹੈ ਤੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ। ਅੱਜ ਜਲੰਧਰ ਦੇ ਬੱਸ ਸਟੈਂਡ ਵਿਖੇ ਟੈਂਕੀ ‘ਤੇ ਚੜ੍ਹੇ ਮੁਨੀਸ਼ ਫ਼ਾਜ਼ਿਲਕਾ ਦੀ ਤਬੀਅਤ ਖ਼ਰਾਬ ਹੋ ਗਈ ਹੈ। ਉਸ ਨੂੰ ਜ਼ਿਆਦਾ ਬੁਖਾਰ, ਪੇਟ ਇਨਫੈਕਸ਼ਨ ਅਤੇ ਸਿਰ ਵਿੱਚ ਬਹੁਤ ਤੇਜ਼ ਦਰਦ ਹੈ । ਮੁਨੀਸ਼ ਫ਼ਾਜ਼ਿਲਕਾ ਦੀ ਤਬੀਅਤ ਅਜਿਹੀ ਹੋਈ ਪਈ ਹੈ ਕਿ ਉਸ ਕੋਲੋਂ ਚੰਗੀ ਤਰ੍ਹਾਂ ਖੜੇ ਵੀ ਨਹੀਂ ਹੋਇਆ ਜਾ ਰਿਹਾ ਜਿਸ ਨੂੰ ਲੈ ਕੇ ਜਲੰਧਰ ਸਿਵਲ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਪੁੱਜੀ।ਡਾਕਟਰਾਂ ਦਾ ਕਹਿਣਾ ਹੈ ਕਿ ਮੁਨੀਸ਼ ਦਾ ਚੈੱਕਅੱਪ ਕੀਤਾ ਜਾ ਰਿਹਾ ਹੈ ਤੇ ਉਸ ਦੀ ਤਬੀਅਤ ਠੀਕ ਨਹੀਂ ਹੈ। ਬੇਰੁਜ਼ਗਾਰ ਅਧਿਆਪਕਾਂ ਸੰਦੀਪ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਕੱਲ੍ਹ ਨੂੰ ਮੀਟਿੰਗ ਹੋਣ ਜਾ ਰਹੀ ਹੈ । ਜੇਕਰ ਇਹ ਮੀਟਿੰਗ ਬੇਸਿੱਟਾ ਨਿਕਲਦੀ ਹੈ ਤਾਂ 18 ਨੂੰ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਅੱਗੇ ਹੋਰ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ ਜਾਣਗੇ ਜਦੋਂ ਤੱਕ ਇਨ੍ਹਾਂ ਦੀਆਂ 9000 ਪੋਸਟਾਂ ਸਰਕਾਰ ਜਾਰੀ ਨਹੀਂ ਕਰ ਦਿੰਦੀ ।