ਟਾਂਡਾ, 15 ਨਵੰਬਰ – ਥਾਣਾ ਟਾਂਡਾ ਦੇ ਪਿੰਡ ਨੰਗਲ ਫ਼ਰੀਦ ਵਿਖੇ ਕਾਰ ਸਵਾਰ ਅਣਪਛਾਤੇ ਹਮਲਾਵਰਾਂ ਨੇ ਇਕ ਕਿਸਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ । ਇਕੱਤਰ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਨੰਗਲ ਫ਼ਰੀਦ ਆਪਣੇ ਖੇਤਾਂ ਵੱਲ ਜਾ ਰਿਹਾ ਸੀ ਕਿ ਇਸੇ ਦੌਰਾਨ ਇਕ ਆਈ- 20 ਕਾਰ ਵਿਚ ਸਵਾਰ ਅਣਪਛਾਤੇ ਹਮਲਾਵਰਾਂ ਵੱਲੋਂ ਉਸ ‘ਤੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ।ਦੱਸਿਆ ਜਾ ਰਿਹਾ ਹੈ ਕਿ ਚਾਰ ਗੋਲ਼ੀਆਂ ਉਸ ਦੇ ਸਰੀਰ ਵਿੱਚ ਲੱਗੀਆਂ। ਜ਼ਖ਼ਮੀ ਹਾਲਤ ਵਿੱਚ ਲੋਕਾਂ ਵੱਲੋਂ ਉਸ ਨੂੰ ਜਲੰਧਰ ਲਿਜਾਇਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਪੁਹੰਚੇ ਡੀ.ਐਸ.ਪੀ ਟਾਂਡਾ ਰਾਜ ਕੁਮਾਰ ਨੇ ਕਿਹਾ ਕਿ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਪੁਲਿਸ ਦੀ ਟੀਮ ਜਾਂਚ ਕਰ ਰਹੀ ਹੈ ।