ਚੰਡੀਗੜ੍ਹ, 17 ਨਵੰਬਰ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਪ੍ਰੈੱਸ ਵਾਰਤਾ ਕੀਤੀ ਗਈ।ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਉੱਪਰ ਪੰਜਾਬ ‘ਚ ਦਰਜ ਪਰਚੇ ਰੱਦ ਕਰਨ ਦਾ ਭਰੋਸਾ ਦਿੱਤਾ ਹੈ ਤੇ ਚੰਡੀਗੜ੍ਹ ‘ਚ ਦਰਜ ਪਰਚੇ ਰੱਦ ਕਰਵਾਉਣ ਲਈ ਕਿਸਾਨ ਨੇਤਾਵਾਂ ਨਾਲ ਗਵਰਨਰ ਕੋਲ ਜਾਣ ਦੀ ਗੱਲ ਕਹੀ ਹੈ।ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਵਧਾਇਆ ਹੈ ਤੇ ਝੋਨੇ ਸਮੇਤ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਣ ਦਾ ਭਰੋਸਾ ਦਿੱਤਾ ਹੈ। ਇਸੇ ਤਰਾਂ ਮੁੱਖ ਮੰਤਰੀ ਨੇ 22 ਨਵੰਬਰ ਤੱਕ ਡੀ.ਏ.ਪੀ ਅਤੇ ਯੂਰੀਆ ਰੈਗੂਲਰ ਕਰਨ, ਮ੍ਰਿਤਕ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਵੀ ਭਰੋਸਾ ਦਿੱਤਾ ਹੈ।ਰਾਜੇਵਾਲ ਮੁਤਾਬਿਕ ਫ਼ਿਰੋਜ਼ਪੁਰ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਾ ਹੋਣ ‘ਤੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਗੁਰੂਹਰਸਹਾਏ ਤੋਂ ਅਕਾਲੀ ਉਮੀਦਵਾਰ ਵਰਦੇਵ ਸਿੰਘ ਆਗੂ ਨੌਨੀ ਮਾਨ ਤੇ ਹੋਰਨਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਦੇ ਮਿਸ਼ਨ ਪੰਜਾਬ ਨਾਲ ਸੰਯੁਕਤ ਕਿਸਾਨ ਮੋਰਚਾ ਸਹਿਮਤ ਨਹੀਂ ਤੇ ਚਡੂਨੀ ਨਾਲ ਓਹੀ ਸਲੂਕ ਹੋਵੇਗਾ ਜੋ ਬਾਕੀ ਰਾਜਨੀਤਿਕ ਪਾਰਟੀਆਂ ਨਾਲ ਹੁੰਦਾ ਹੈ।