ਪਾਂਸ਼ਟਾ, 20 ਨਵੰਬਰ (ਰਜਿੰਦਰ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ੍ਹ ਤਿੰਨੋਂ ਖੇਤੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਕਿਸਾਨ ਅੰਦੋਲਨ ਦੀ ਜਿੱਤ ਅਤੇ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੀ ਆਤਮਿਕ ਸ਼ਾਂਤੀ ਲਈ ਧੰਨ ਧੰਨ ਸ੍ਰੀ ਬਾਬਾ ਯੱਖ ਜੀ ਦੇ ਤਪ ਅਸਥਾਨ ਪਿੰਡ ਨਰੂੜ ਵਿਖੇ ਵੀ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਦੋਆਬਾ ਸਰਕਲ ਦੇ ਆਗੂ ਹਰਭਜਨ ਸਿੰਘ ਬਾਜਵਾ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।ਅਰਦਾਸ ਤੋਂ ਉਪਰੰਤ ਭਾਰਤੀ ਕਿਸਾਨ ਯੂਨੀਅਨ ਦੋਆਬਾ ਸਰਕਲ ਨਰੂੜ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਬੰਟੀ ਦੀ ਅਗਵਾਈ ਵਿਚ ਪਿੰਡ ਨਰੂੜ ਦੇ ਬਸ ਸਟੈਂਡ ਵਿਖੇ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ। ਇਸ ਮੌਕੇ ਪੰਚ ਇਮਿੰਦਰ ਸਿੰਘ ਨੇ ਕਿਹਾ ਕਿ ਪਿੰਡ ਨਰੂੜ ਵੱਲੋਂ ਕਿਸਾਨ ਅੰਦੋਲਨ ਲਈ ਜੋ ਵੀ ਸਹਿਯੋਗ ਦਿੱਤਾ ਗਿਆ ਹੈ ਉਹ ਐਨ.ਆਰ.ਆਈ ਵੀਰਾਂ ਦੀ ਬਦੌਲਤ ਹੀ ਦਿੱਤਾ ਗਿਆ ਹੈ, ਜਿਸ ਲਈ ਉਨ੍ਹਾਂ ਐਨ.ਆਰ.ਆਈ ਵੀਰਾਂ ਦਾ ਤਹਿ ਦਿਲੌ ਧੰਨਵਾਦ ਕੀਤਾ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਜਾਂ ਬਾਕੀ ਰਾਜਨੀਤਿਕ ਪਾਰਟੀਆਂ ਦੀਆਂ ਸਰਕਾਰਾਂ ਕਿਸਾਨ ਜਾਂ ਵਿਰੋਧੀ ਕਾਨੂੰਨ ਬਣਾਉਣਗੀਅਆਂ ਤਾਂ ਉਨ੍ਹਾਂ ਨੂੰ ਇਸੇ ਤਰਾਂ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਉਹ ਆਉਣ ਵਾਲੇ ਸਮੇਂ ‘ਚ ਸੋਚ ਸਮਝ ਕੇ ਕਾਨੂੰਨ ਬਣਾਉਣਗੀਆਂ।ਇਸ ਮੌਕੇ ਸਰਪੰਚ ਸੁਰਜੀਤ ਸਿੰਘ, ਤਰਸੇਮ ਸਿੰਘ, ਸਤਨਾਮ ਸਿੰਘ, ਇੰਦਰਜੀਤ ਸਿੰਘ ਕਰਨਜੀਤ ਸਿੰਘ, ਰਮਨ, ਸਨੀ, ਚਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ।ਇਸੇ ਤਰਾਂ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਨਸੀਰਾਬਾਦ ਵਿਖੇ ਅਕਾਲ ਪੁਰਖ ਦੇ ਸ਼ੁਕਰਾਨੇ ਵਜ਼ੋਂ ਅਤੇ ਕਿਸਾਨ ਅੰਦੋਲਨ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨ ਭਰਾਵਾਂ ਅਤੇ ਬੀਬੀਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਸਰਕਲ ਦੇ ਆਗੂ ਹਰਭਜਨ ਸਿੰਘ ਬਾਜਵਾ ਵਿਸ਼ੇਸ਼ ਤੌਰ ‘ਤੇ ਪਹੁੰਚੇ।ਉਨ੍ਹਾਂ ਦੱਸਿਆ ਕਿ 28 ਨਵੰਬਰ ਨੂੰ ਸਿੰਘੂ ਬਾਰਡਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਇਸ ਨੂੰ ਲੈ ਕੇ 27 ਨਵੰਬਰ ਨੂੰ ਪਿੰਡਾਂ ਅਤੇ ਸ਼ਹਿਰਾਂ ਤੋਂ ਸੰਗਤਾਂ ਸਿੰਘ ਬਾਰਡਰ ਨੂੰ ਚਾਲੇ ਪਾਉਣਗੀਆਂ। ਹਰਭਜਨ ਸਿੰਘ ਬਾਜਵਾ ਅਤੇ ਸਾਬਕਾ ਸਰਪੰਚ ਅਵਤਾਰ ਸਿੰਘ ਸੈਣੀ ਨੇ ਸਮੂਹ ਸੰਗਤਾਂ ਨੂੰ 28 ਨਵੰਬਰ ਨੂੰ ਸਿੰਘੂ ਬਾਰਡਰ ਪਹੁੰਚਣ ਦੀ ਅਪੀਲ ਕੀਤੀ।