ਫਗਵਾੜਾ, 20 ਨਵੰਬਰ (ਐੱਚ.ਐੱਸ ਰਾਣਾ) ਮਹਿਲਾ ਕਾਂਗਰਸ ਦੀ ਪੰਜਾਬ ਪ੍ਰਧਾਨ ਬਲਬੀਰ ਰਾਣੀ ਸੋਢੀ ਨੇ ਫਗਵਾੜਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਲੰਮੇ ਸੰਘਰਸ਼ ਤੋਂ ਬਾਅਦ ਕਿਸਾਨਾਂ ਦੀ ਜਿੱਤ ਹੋਈ ਹੈ ਤੇ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਦੇ ਹੋਏ ਖੇਤੀ ਕਾਨੂੰਨ ਵਾਪਿਸ ਲੈਣੇ ਪਏ ਹਨ।ਉਨ੍ਹਾਂ ਕਿਸਾਨ ਅੰਦੋਲਨ ਵਿਚ ਯੋਗਦਾਨ ਪਾਉਣ ਵਾਲੇ ਕਿਸਾਨਾਂ, ਬੀਬੀਆਂ, ਬੱਚਿਆ, ਬਜ਼ੁਰਗਾਂ ਦਾ ਧੰਨਵਾਦ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਮਿਲ ਕੇ ਕਿਸਾਨਾਂ ਦੀ ਇਸ ਜਿੱਤ ਦੀ ਖੁਸ਼ੀ ਦਾ ਇਜਹਰਾ ਕਰਨ ਦੀ ਅਪੀਲ ਕੀਤੀ। ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਤੋਂ ਬਾਅਦ ਭਾਜਪਾ ਵੱਲੋਂ ਲੱਡੂ ਵੰਡਣ ‘ਤੇ ਭਾਜਪਾ ਆਗੂਆਂ ਨੂੰ ਲੰਮੇ ਹੱਥੀ ਲੈਂਦਿਆਂ ਬਲਬੀਰ ਰਾਣੀ ਸੋਢੀ ਨੇ ਕਿਹਾ ਕਿ ਮੈਂ ਭਾਜਪਾ ਆਗੂਆਂ ਨੂੰ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਉਨ੍ਹਾਂ ਨੇ ਲੱਡੂ ਕਿਸ ਖੁਸ਼ੀ ਵਿਚ ਵੰਡੇ ਜਦਕਿ ਉਨ੍ਹਾਂ ਦੀ ਸਰਕਾਰ ਦੀ ਬਦੌਲਤ ਹੀ ਕਿਸਾਨਾਂ ਨੂੰ ਸੜਕਾਂ ‘ਤੇ ਧੱਕੇ ਖਾਣੇ ਪਏ ਤੇ ਕਿਸਾਨ ਘਰੋਂ ਬੇਘਰ ਹੋਏ ਹਨ।ਇੰਨੇ ਲੰਮੇ ਸੰਘਰਸ਼ ਤੋਂ ਬਾਅਦ ਸਰਕਾਰ ਝੁਕੀ ਤਾਂ ਕੀ ਭਾਜਪਾ ਆਗੂ ਸਰਕਾਰ ਝੁਕਣ ਦੀ ਖੁਸ਼ੀ ਮਨਾ ਰਹੇ ਸਨ।ਇਹ ਫੈਸਲਾ ਲੈਣ ਨੂੰ ਭਾਜਪਾ ਸਰਕਾਰ ਨੇ ਇੰਨੀ ਦੇਰ ਲਗਾ ਦਿੱਤੀ ਤੇ ਇਸ ਦੌਰਾਨ 700 ਕਿਸਾਨਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਹਨ। ਇਸ ਦਾ ਜ਼ਿੰਮੇਵਾਰ ਕੌਣ ਹੈ।ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਕਿਸਾਨ ਮੋਰਚੇ ਵਿਚ ਇੱਕ ਇੱਕ ਕਦਮ ਕਿਸਾਨਾਂ ਦੇ ਨਾਲ ਖੜੇ ਰਹੇ ਹਨ ਤੇ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਨਾਲ ਖੜੀ ਰਹੀ। ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਹੈ ਇਸ ਲਈ ਕੇਂਦਰ ਸਰਕਾਰ ਵੀ ਪੰਜਾਬ ਸਰਕਾਰ ਤੋਂ ਸਿੱਖ ਕੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਅਤੇ ਮੁਆਵਜ਼ਾ ਦੇਵੇ।