ਲੁਧਿਆਣਾ, 22 ਨਵੰਬਰ – ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾਉਂਦੇ ਹੋਏ ਕਾਂਗਰਸ ਵੱਲੋਂ ਅੱਜ ਲੁਧਿਆਣਾ ਵਿਖੇ ਵੱਡੀ ਰੈਲੀ ਆਯੋਜਿਤ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਉਦੋਂ ਬਣੇਗੀ, ਜਦੋਂ ਵਰਕਰ ਨੂੰ ਇੱਜਤ ਮਿਲੇਗੀ। ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ ਜੇ ਕਾਂਗਰਸ ਹੀ ਕਾਂਗਰਸ ਨੂੰ ਨਾ ਹਰਾਵੇ। ਵਰਕਰ ਨਹੀਂ ਬਲਕਿ ਨੇਤਾ ਪਾਰਟੀ ਨੂੰ ਹਰਾਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਵੇ ਕਰਵਾਏ ਹਨ, ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਸਭ ਤੋਂ ਵੱਧ ਸੀਟਾਂ ਮਿਲਣਗੀਆਂ ਤੇ ਪੰਜਾਬ ਵਿਚ ਮੁੜ ਤੋਂ ਕਾਂਗਰਸ ਦੀ ਸਰਕਾਰ ਬਣੇਗੀ।ਉਨ੍ਹਾਂ ਕਿਹਾ ਕਿ ਰੇਤੇ ਨੂੰ ਲੈ ਕੇ ਨਵੀਂ ਪਾਲਿਸੀ ਬਣੇਗੀ ਤੇ ਰੇਤਾ ਇੱਕ ਹਜ਼ਾਰ ਰੁਪਏ ਤੋਂ ਵੱਧ ਨਹੀਂ ਮਿਲੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਪੁੱਛਦੇ ਹੋਏ ਸਿੱਧੂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਸਬਸਿਡੀ ਦਿੱਤੀ? ਦਿੱਲੀ ‘ਚ ਇੰਡਸਟਰੀ ਨੂੰ ਸਭ ਤੋਂ ਮਹਿੰਗੀ ਬਿਜਲੀ ਮਿਲਦੀ ਹੈ। ਦਿੱਲੀ ਦਾ ਮਾਡਲ ਪੰਜਾਬ ਮਾਡਲ ਅੱਗੇ ਫੇਲ੍ਹ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲੇ ਮੁੱਖ ਮੰਤਰੀ ਵਿਰੋਧੀਆਂ ਦੇ ਹੱਥਾਂ ਵਿਚ ਖੇਡਦੇ ਰਹੇ, ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਚਰਨਜੀਤ ਚੰਨੀ ਨੇ ਤਿੰਨ ਮਹੀਨਿਆ ‘ਚ ਉਹ ਕਰ ਵਿਖਾਇਆ, ਜੋ ਪਿਛਲੇ ਸਾਢੇ ਚਾਰ ਸਾਲਾਂ ‘ਚ ਨਹੀਂ ਹੋਇਆ।