ਮੋਗਾ, 22 ਨਵੰਬਰ – ਮੋਗਾ ਵਿਖੇ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਿਲਾਵਾਂ ਲਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਵਿਚ ਹਰ ਔਰਤ ਨੂੰ ਹਰ ਮਹੀਨੇ ਉਸ ਦੇ ਖਾਤੇ ਵਿਚ 1000 ਰੁਪਏ ਦਿੱਤੇ ਜਾਣਗੇ ਤੇ 18 ਸਾਲ ਤੋਂ ਉੱਪਰ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਗੇ ਜਦਕਿ ਬੁਢਾਪਾ ਪੈਨਸ਼ਨ ਦੇ ਨਾਲ ਬਜ਼ੁਰਗ ਮਹਿਲਾਵਾਂ ਨੂੰ 1000 ਰੁਪਏ ਅਲੱਗ ਤੋਂ ਮਿਲਣਗੇ।ਪੰਜਾਬ ਦੀਆਂ ਇੱਕ ਕਰੋੜ ਤੋਂ ਵੱਧ ਮਹਿਲਾਵਾਂ ਨੂੰ ਇਸ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਮੇਰੇ ਤੋਂ ਸਵਾਲ ਪੁੱਛਦੇ ਹਨ ਕਿ ਇੰਨਾ ਪੈਸਾ ਆਵੇਗਾ ਕਿੱਥੋਂ।ਮੈਂ ਦੇਖਦਾ ਹਾਂ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦੇ ਸੱਜੇ ਪਾਸੇ ਟਰਾਂਸਪੋਰਟ ਮਾਫੀਆ ਤੇ ਖੱਬੇ ਪਾਸੇ ਰੇਤ ਮਾਫੀਆਂ ਬੈਠਾ ਹੁੰਦਾ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ‘ਚੋਂ ਟਰਾਂਸਪੋਰਟ ਤੇ ਰੇਤ ਮਾਫੀਆ ਖਤਮ ਕਰਕੇ ਪੈਸਾ ਲਿਆਂਦਾ ਜਾਵੇਗਾ।ਕੇਜਰੀਵਾਲ ਅਨੁਸਾਰ ਪੰਜਾਬ ਵਿਚ ਇਨੀਂ ਦਿਨੀਂ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਜੋ ਐਲਾਨ ਮੈਂ ਕਰਦਾ ਹੈ, ਉਸ ਤੋਂ 2 ਦਿਨ ਬਾਅਦ ਓਹੀ ਐਲਾਨ ਨਕਲੀ ਕੇਜਰੀਵਾਲ ਕਰ ਦਿੰਦਾ ਹੈ। ਪਰ ਮੈਂ ਪੁੱਛਣਾ ਚਾਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਫਤ ਹੋਈ? ਕੀ ਪੰਜਾਬ ਵਿਚ ਮੁਹੱਲਾ ਕਲੀਨਿਕ ਖੁੱਲ੍ਹੇ? ਉਨ੍ਹਾਂ ਲੋਕਾਂ ਨੂੰ ਇਸ ਨਕਲੀ ਕੇਜਰੀਵਾਲ ਤੋਂ ਬਚਣ ਦੀ ਅਪੀਲ ਕੀਤੀ।ਕੇਜਰੀਵਾਲ ਅਨੁਸਾਰ ਮੈਂ ਜੋ ਕਹਿੰਦਾ ਹਾਂ,ਉਹ ਕਰਦਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਇੱਕ ਵਾਰ ਕੇਜਰੀਵਾਲ ਨੂੰ ਮੌਕੇ ਦੇ ਕੇ ਦੇਖੋ ਮੈਂ ਤੁਹਾਡਾ ਭਵਿੱਖ ਬਦਲ ਜਾਵੇਗਾ।