ਤਲਵਾੜਾ, 28 ਨਵੰਬਰ – ਪਿਛਲੇ ਦਿਨੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਅਧੀਨ ਆਉਂਦੇ ਪਿੰਡ ਪਲਾਹੜ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 12 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ‘ਤੇ 10 ਦਿਨਾਂ ਲਈ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ।ਇਸ ਦੇ ਨਾਲ ਹੀ ਕੋਰੋਨਾ ਪਾਜ਼ੀਟਿਵ ਆਏ ਵਿਦਿਆਰਥੀਆਂ ਦੇ ਸੰਪਰਕ ‘ਚ ਆਏ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ। ਇਨ੍ਹਾਂ ਟੈਸਟਾਂ ‘ਚ 10 ਹੋਰ ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਨਾਲ ਸਕੂਲ ‘ਚ ਕੋਰੋਨਾ ਪਾਜ਼ੀਟਿਵ ਪਾਏ ਗਏ ਵਿਦਿਆਰਥੀਆਂ ਦੀ ਗਿਣਤੀ 22 ਹੋ ਗਈ ਹੈ। ਬਲਾਕ ਨੋਡਲ ਅਧਿਕਾਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿਚ ਪੜਨ ਵਾਲੇ 510 ਦੇ ਕਰੀਬ ਵਿਦਿਆਰਥੀਆਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ‘ਚੋਂ 12 ਵਿਦਿਅਆਰਥੀਆਂ ਦੇ ਕੋਰੋਨਾ ਟੈਸਟ ਪਾਜ਼ੀਟਿਵ ਆਏ ਸਨ ਤੇ ਉਸ ਤੋਂ ਬਾਅਦ ਕੁੱਝ ਵਿਦਿਆਰਥੀਆਂ ਦੇ ਮੁੜ ਤੋਂ ਸੈਂਪਲ ਲਏ ਗਏ ਸਨ ਜਿਨ੍ਹਾਂ ‘ਚੋਂ 10 ਹੋਰ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਆਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਵਜਨਕ ਥਾਵਾਂ ‘ਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਕੋਰੋਨਾ ਸੰਕਰਮਣ ਤੋਂ ਬਚਿਆ ਜਾ ਸਕੇ।