ਫਗਵਾੜਾ, 28 ਨਵੰਬਰ (ਰਮਨਦੀਪ) ਬ੍ਰਾਹਮਣ ਭਲਾਈ ਬੋਰਡ ਪੰਜਾਬ ਵੱਲੋਂ ਭਗਵਾਨ ਪਰਸ਼ੂ ਰਾਮ ਜੀ ਦੀ ਤਪੋਸਥਲੀ ਖਾਟੀਧਾਮ ਫਗਵਾੜਾ ਦੇ ਪਿੰਡ ਖਾਟੀ ਵਿਖੇ ਸੂਬਾ ਪੱਧਰੀ ਸਮਾਗਮ ਅਯੋਜਿਤ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਉਨਾਂ ਨਾਲ ਕੈਬਨਿਟ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਸੰਤੋਸ਼ ਚੋਧਰੀ, ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਕੈਬਨਿਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਵੀਰ ਰਾਣੀ ਸੋਡੀ, ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਸ਼ੇਖਰ ਸ਼ੁਕਲਾ ਵੀ ਮਜੌੂਦ ਸਨ। ਇਸ ਮੌਕੇ ‘ਤੇ ਭਗਵਾਨ ਪਰਸ਼ੂ ਰਾਮ ਜੀ ਦੇ ਮੰਦਰ ਦੇ ਸੁੰਦਰੀ ਕਰਨ ਦਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਨੀਂਹ ਪੱਥਰ ਵੀ ਰੱਖਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੇ ਵਿਧਾਨ ਸਭਾ ਵਿੱਚ ਇਸ ਮੰਦਰ ਲਈ 10 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ ਜਿਸ ਦਾ ਚੈੱਕ ਉਨਾਂ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉਪਲ ਅਤੇ ਬ੍ਰਾਹਮਣ ਭਲਾਈ ਬੋਰਡ ਦੇ ਸਮੂਹ ਅਹੁਦੇਦਾਰਾਂ ਨੂੰ ਭੇਂਟ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਬ੍ਰਾਹਮਣ ਭਲਾਈ ਬੋਰਡ ਦੀ ਮੰਗ ਤੇ 75 ਲੱਖ ਰੁਪਏ ਨਵਾ ਸ਼ਹਿਰ ਦੇ ਮੰਦਰ ਮਾਤਾ ਰੇਣੂਕਾ ਲਈ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਖਾਟੀ ਪਿੰਡ ਦੀ ਗ੍ਰਾਮ ਪੰਚਾਇਤ ਨੂੰ 21 ਲੱਖ ਰੁਪਏ ਅਲੱਗ ਤੋਂ ਵੀ ਦੇਣ ਦਾ ਐਲਾਨ ਕੀਤਾ ਜਦਕਿ ਪੰਜਾਬੀ ਯੂਨੀਵਰਸਿਟੀ ਵਿੱਚ ਭਗਵਾਨ ਪਰਸ਼ੂ ਰਾਮ ਦੀ ਬਣੀ ਕੁਰਸੀ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਸਾਲ 2 ਕਰੋੜ ਰੁਪਏ ਦੇਣ ਵੀ ਐਲਾਨ ਕੀਤਾ।ਮੁੱਖ ਮੰਤਰੀ ਨੇ ਗਊਸ਼ਲਾਵਾ ਦੇ ਰੱਖ ਰਖਾਓ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਬ੍ਰਾਹਮਣ ਭਲਾਈ ਬੋਰਡ ਨੂੰ ਸੌਂਪੀ। ਇਸ ਮੋਕੇ ਉਨਾਂ ਕਿਹਾ ਕਿ ਇਸ ਮੰਦਰ ‘ਤੇ ਹੋਰ ਜਿੰਨੀ ਵੀ ਲਾਗਤ ਆਵੇਗੀ ਉਹ ਮੰਦਰ ਲਈ ਜਾਰੀ ਕੀਤੀ ਜਾਵੇਗੀ। ਉਨਾਂ ਬੋਰਡ ਨੂੰ ਵੀ ਅਪੀਲ ਕੀਤੀ ਕਿ ਇਸ ਮੰਦਰ ਸੁੰਦਰੀ ਕਰਨ ਲਈ ਇੱਕ ਵਧੀਆ ਆਰਟੀਟੇਕਟ ਲਗਾ ਕੇ ਵਧੀਆ ਢੰਗ ਨਾਲ ਤਿਆਰ ਕੀਤਾ ਜਾਵੇ ਤਾਂ ਕਿ ਸੂਬੇ ਭਰ ਤੋਂ ਸ਼ਰਧਾਲੂ ਇੱਥੇ ਦਰਸ਼ਨ ਕਰਨ ਲਈ ਆ ਸਕਣ। ਇਸ ਤੋਂ ਇਲਾਵਾ ਸਸਕ੍ਰਿਤ ਭਾਸ਼ਾ ਨੂੰ ਵੀ ਲਾਗੂ ਕਰਨ ਲਈ ਕੈਬਨਿਟ ਵਿੱਚ ਪਾਸ ਕੀਤਾ ਜਾਵੇਗਾ ਜੋ ਕਿ optional ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੀ ਰਮਾਇਣ, ਮਹਾਂਭਾਰਤ ਤੇ ਗੀਤਾ ਲਈ ਸਰਚ ਸੈਂਟਰ ਵੀ ਖੋਲਿਆ ਜਾਵੇਗਾ।